ਵੇਲੇ ਦੇ ਅਵਤਾਰਾ ਇਹ ਕੀ ਕੀਤਾ ਈ ।
ਠੀਕ ਨਹੀਂ ਵਰਤਾਰਾ ਇਹ ਕੀ ਕੀਤਾ ਈ ।
ਧਰਤੀ ਉੱਤੇ ਆਕੇ ਤੇਰੇ ਨਾਇਬ ਨੇ,
ਵੇਖ ਤੇ ਸਈ ਕਰਤਾਰਾ ਇਹ ਕੀ ਕੀਤਾ ਈ ।
ਅੱਗ ਨਫ਼ਰਤ ਤੇ ਖ਼ੂਨ ਦੀ ਮੂਰਤ ਲੀਕੀ ਏ,
ਵਾਹਵਾ ਵੇ ਫ਼ਨਕਾਰਾ ਇਹ ਕੀ ਕੀਤਾ ਈ ।
ਵਿਛੜੇ ਹੋਏ ਸੱਜਣ ਮੇਰੀਆਂ ਹਾਕਾਂ ਤੇ,
ਦਿੱਤਾ ਨਾ ਪਰਤਾਰਾ ਇਹ ਕੀ ਕੀਤਾ ਈ ।
ਕੀ ਹੋਇਆ ਸੀ ਤੈਨੂੰ ਵੇਲੇ ਹਿਜਰਤ ਦੇ,
ਨਾਲ ਨਾ ਟੁਰਿਉਂ ਯਾਰਾ ਇਹ ਕੀ ਕੀਤਾ ਈ ।
ਮੈਂ ਜਿਸ ਖੂਹ ਵਿਚ ਪਿਆਰ ਦੀ ਮਿਸਰੀ ਘੋਲੀ ਸੀ,
ਤੂੰ ਕਰ ਛੱਡਿਆ ਖਾਰਾ ਇਹ ਕੀ ਕੀਤਾ ਈ ।
ਬਦਲਿਆ ਨਾ ਤੂੰ ਲੱਖ ਵਾਰੀ ਸਮਝਾਇਆ ਮੈਂ,
ਆਪਣੀ ਸੋਚ ਦਾ ਧਾਰਾ ਇਹ ਕੀ ਕੀਤਾ ਈ ।
ਔਖਾ ਵੇਲਾ ਮੇਰੇ ਤੇ ਜਦ ਆਇਆ ਤੇ,
ਕਰ ਲਿਆ ਯਾਰ ਕਿਨਾਰਾ ਇਹ ਕੀ ਕੀਤਾ ਈ ।