ਵੇਸਵਾਵਾਂ ਔਰਤਾਂ

ਵੇਸਵਾਵਾਂ ਔਰਤਾਂ ਇਹ ਵੇਸਵਾਵਾਂ ਔਰਤਾਂ

ਆਖਣ ਨਾਚੀਜ਼ ਔਰਤਾਂ ਸਮਝਣ ਗਲੀਜ਼  ਔਰਤਾਂ

ਐਪਰ ਪਾਕੀਜ਼ ਔਰਤਾਂ ਇਹ ਵੇਸਵਾਵਾਂ ਔਰਤਾਂ ....

ਪਿਓ ਦੀ ਡੰਗੋਰੀ ਬਣਦੀਆਂ ਮਾਂ ਦੀ ਦਵਾਈ ਬਣਦੀਆਂ

ਵੀਰਾਂ ਤੇ ਭੈਣਾਂ ਵਾਸਤੇ ਵਿੱਦਿਆ ਪੜ੍ਹਾਈ ਬਣਦੀਆਂ

ਸਭ ਵਾਸਤੇ ਕੁਝ ਬਣਦੀਆਂ ਖ਼ੁਦ ਵਾਰਕੇ ਇਹ ਔਰਤਾਂ

ਇਹ ਵੇਸਵਾਵਾਂ ਔਰਤਾਂ ....

ਮੋਬੱਤੀਆਂ ਅਗਰਬੱਤੀਆਂ ਇਹ ਸੁੱਚੀਆਂ ਤੇ ਸੱਚੀਆਂ

ਨੇਰ੍ਹੇ ਘਰਾਂ ਵਿੱਚ ਜਗਦੀਆਂ ਬੋੜੇ ਦਰਾਂ ਤੇ ਰੱਖੀਆਂ

ਮਹਿਕਾਂ ਤੇ ਚਾਨਣ ਵੰਡਦੀਆਂ ਤਿਲ ਤਿਲ ਇਹ ਬਲ਼ ਕੇ ਔਰਤਾਂ

ਇਹ ਵੇਸਵਾਵਾਂ ਔਰਤਾਂ ....

ਮਰਦਾਂ ਦਾ ਮੈਲ਼ਾ ਢੋਂਹਦੀਆਂ ਰੂਹਾਂ ਤੋਂ ਫਿਰ ਵੀ ਪਾਕ ਨੇ

ਕੋਠੇ ਤੋਂ ਘਰ ਬਣ ਜਾਂਦੀਆਂ ਨੀਹਾਂ ‘ਚ ਪੈ ਕੇ ਆਪ ਨੇ

ਕੁਝ ਵੀ ਨਾ ਪਰ ਜਤਾਉਂਦੀਆਂ ਹਾਇ ਤੱਤੜੀਆਂ ਔਰਤਾਂ

ਇਹ ਵੇਸਵਾਵਾਂ ਔਰਤਾਂ ....

ਬਦਨਾਮ ਹੋ ਕੇ ਰਹਿੰਦੀਆਂ ਗੁੰਮਨਾਮ ਹੀ ਤੁਰ ਜਾਂਦੀਆਂ

ਸਹੁਰੇ ਕਦੇ ਨਾ ਜਾਂਦੀਆਂ ਪੇਕੇ ਕਦੇ ਨਾ ਆਉਂਦੀਆਂ

ਕਾਹਤੋਂ ਪਤਾ ਨਈ ਆਉਂਦੀਆਂ ਇਹ ਜ਼ਿੰਦਗੀ ਵਿੱਚ ਔਰਤਾਂ

ਇਹ ਵੇਸਵਾਵਾਂ ਔਰਤਾਂ ....

ਇੱਕ ਪਾਸੇ ਗੋਸ਼ਤ ਵਿਕ ਰਿਹਾ ਦੂਜੀ ਤਰਫ਼ ਇਹ ਔਰਤਾਂ

ਕੰਜਕਾਂ ਵੀ ਪੂਜੀ ਜਾ ਰਹੇ ਕੋਹ ਵੀ ਰਹੇ ਨੇ ਔਰਤਾਂ

ਕਿੱਥੇ ਭਲਾ ਮਹਿਫੂਜ਼ ਨੇ ਕਿੱਥੇ ਇਹ ਜਾਵਣ ਔਰਤਾਂ

ਇਹ ਵੇਸਵਾਵਾਂ ਔਰਤਾਂ ....

ਹਵਸਾਂ ਦੀ ਭੱਠੀ ਪੈ ਕੇ ਵੀ ਇਹ ਤਾਂ  ਨੇ ਮਰੀਅਮ ਵਰਗੀਆਂ

ਮਜ਼ਬੂਰਨਾ ਮਜ਼ਬੂਰ ਹੋ ਬਦਨਾਂ ਦੀ ਸੂਲ਼ੀ  ਚੜ੍ਹਦੀਆਂ

ਇਸੇ ਧਰਤ ਦੇ ਨਰਕ ਵਿੱਚ ਉਹ ਜੰਮਦੀਆਂ ਤੇ ਮਰਦੀਆਂ

ਰੱਬ ਵੀ ਮਰਦ ਹੀ ਜਾਪਦੈ ਜਿਸ ਇਉਂ ਬਣਾਈਆਂ ਔਰਤਾਂ

ਇਹ ਵੇਸਵਾਵਾਂ ਔਰਤਾਂ ....

ਵੇਸਵਾ ਨਾ ਔਰਤਾਂ ਇਹ ਵੇਸਵਾ ਸਮਾਜ ਹੈ

ਵੇਸਵਾ ਰਾਜੇ ਮੁਕੱਦਮ ਵੇਸਵਾ ਇਹ ਰਾਜ ਹੈ

ਜਿਸ ਵਿੱਚ ਬਦਨ ਨੂੰ ਵੇਚਕੇ ਰੋਜ਼ੀ ਕਮਾਵਣ ਔਰਤਾਂ

ਇਹ ਵੇਸਵਾਵਾਂ ਔਰਤਾਂ । 

📝 ਸੋਧ ਲਈ ਭੇਜੋ