ਐਵੇਂ ਨਾ ਰੱਖੋ ਸੋਚ ਦੇ ਦੀਵੇ ਨੂੰ ਬਾਲ ਕੇ।

ਦੁਰਲੱਭ ਦਿਮਾਗ ਹੈ, ਇਨ੍ਹੂੰ ਰੱਖੋ ਸੰਭਾਲ ਕੇ।

ਵਾਅਦਾ ਹੀ ਕੀ ਹੈ, ਜਿਹੜਾ ਵਫਾ ਹੋ ਗਿਆ ਅਖੀਰ,

ਜੇ ਮੌਤ ਨੂੰ ਵੀ ਟਾਲ ਸਕੋ, ਰੱਖੋ ਟਾਲ ਕੇ।

ਇਹ ਤਰਕ ਤੇ ਵਿਵੇਕ ਤਾਂ ਦੁਸ਼ਮਣ ਨੇਂ ਜਾਨ ਦੇ,

ਇਸ ਅਕਲ ਵਰਗੀ ਚੀਜ਼ ਨੂੰ, ਰੱਖੋ ਸੁਆਲ ਕੇ।

ਮਾਰੋ ਵਗਾਹ ਕੇ ਪੁਸਤਕਾਂ, ਜੋ ਚੱਟਦੀਆਂ ਦਿਮਾਗ,

ਵਿਹੜੇ 'ਚ ਮੱਝ, ਝੋਟਾ, ਕੋਈ ਰੱਖੋ ਪਾਲ ਕੇ।

ਲਿਬਰਲ ਇਹ ਸੋਚ, ਵਾਦਾਂ ਵਿਵਾਦਾਂ ਤੋਂ ਬਚ ਕੇ ਭਾਅ,

ਸਮਝਾਉਂਦਾ ਹਾਂ ਹਰੇਕ ਨੂੰ, ਲਾਗੇ ਬਹਾਲ ਕੇ।

ਕਿਰਦਾਰ ਤਕ ਕੇ ਲੋਕਾਂ ਦਾ, ਯਾਦ ਆਉਣ ਗਿਰਗਟਾਂ,

ਖੁਦ ਨੂੰ ਦਿਖਾਉਣ ਝੱਟ ਉਹ, ਚੁਗਿਰਦੇ 'ਚ ਢਾਲ ਕੇ।

ਜੋ ਅੰਟ ਸ਼ੰਟ, ਸੁਝਦੈ, ਉਹ ਲਿਖ ਧਰਨਾਂ ਰੋਜ਼ ਹੀ,

ਕੀ ਗੱਲ ਬਣੀ ਹੈ? ਦੇਖੋ ਖਾਂ ਅੱਖਰ ਉਠਾਲ ਕੇ।

📝 ਸੋਧ ਲਈ ਭੇਜੋ