ਵਿਚ ਇਸਦੇ ਫਰਕ ਨਹੀਂ

ਵਿਚ ਇਸਦੇ ਫਰਕ ਨਹੀਂ ਤਿਲ ਦਾ,

ਖੁਦ ਜਾਨਦਾ ਭੇਦ ਖੁਦਾ ਦਿਲ ਦਾ

ਖੁਲ ਜਾਂਦੀ ਗੰਢ ਹਕੀਕਤ ਦੀ,

ਹੁੰਦਾ ਦਿਲ ਦੇ ਅੰਦਰ ਰਾਹ ਦਿਲ ਦਾ

ਵਾਹ ਚੋਰਾ ਕੀ ਦਸਤੂਰ ਕੀਤਾ,

ਦਿਨ ਦੀਵੀਂ ਲੁਟ ਮਜਬੂਰ ਕੀਤਾ

ਦਿਲ ਕਢ ਲਿਆ ਸੀਨਾ ਚੂਰ ਕੀਤਾ,

ਦਿਤਾ ਸਾਫ ਨਿਸ਼ਾਨ ਮਿਟਾ ਦਿਲ ਦਾ

ਹਨੇਰੀ ਝੁਲ ਗਈ ਵਿਚ ਫਲ ਡਾਲੀ ਦੇ,

ਖੁਸੇ ਪਰ ਬੁਲਬੁਲ ਮਤਵਾਲੀ ਦੇ,

ਕਹਿਨੇ ਲਗਕੇ ਹਸਨ ਦੇ ਮਾਲੀ ਦੇ,

ਦਿਤਾ ਆਪੇ ਹੀ ਬਾਗ਼ ਲੁਟਾ ਦਿਲ ਦਾ

ਇਕ ਜਗ ਦੇ ਵਿਚ ਬੇਜ਼ਾਰ ਹੋਯਾ,

ਦੂਜਾ ਯਾਰ ਦਾ ਨਾ ਦੀਦਾਰ ਹੋਯਾ,

ਤੀਜਾ ਰਬ ਤੋਂ ਬੀ ਗੁਨਾਹਗਾਰ ਹੋਯਾ,

ਕਹਿਣਾ ਮਨ ਬੇਪਰਵਾਹ ਦਿਲ ਦਾ

ਕਾਹਨੂੰ ਲਭਦਾ ਮਸਜਦ ਮੰਦਰ ਤੂੰ,

ਕਰ ਖਾਲੀ ਅਪਣਾ ਅੰਦਰ ਤੂੰ,

ਬਣ ਜਾਵੀਂ ਮਸਤ ਕਲੰਦਰ ਤੂੰ,

ਵਿਚੋਂ ਝਗੜਾ ਸਾਫ਼ ਮੁਕਾ ਦਿਲ ਦਾ

ਛਡ ਲੁਕਨ ਛਿਪਨ ਦੀਆਂ ਘਾਤਾਂ ਨੂੰ,

ਚੋਰੀ ਦਾ ਲਾਵਣਾ ਉਠ ਰਾਤਾਂ ਨੂੰ,

ਛਡ ਉਰਲੀਆਂ ਪਰਲੀਆਂ ਬਾਤਾਂ ਨੂੰ,

ਕਿੱਸਾ ਯਾਰ ਨੂੰ ਅਸਲ ਸੁਣਾ ਦਿਲ ਦਾ

ਕੁਛ ਹੋਣਾ ਤੇ ਛਡ ਦੇ ਹੋਣੇ ਨੂੰ

ਕਿੱਨ ਪੁਛਣਾ ਨਹੀਂ ਰੋਣ ਧੋਣੇ ਨੇ

ਜੇ ਤੂੰ ਰਾਜ਼ੀ ਕਰਨਾ ਸੋਹਣੇ ਨੂੰ,

ਉਠ ਕਰ ਨਜ਼ਰਾਨਾ ਜਾ ਦਿਲ ਦਾ

ਵੇਲਾ ਗੁਜ਼ਰਿਆ ਹਥ ਨਹੀਂ ਆਵਣਾ ਏਂ,

ਪਿਛੋਂ ਰੋ ਰੋ ਪਿਆ ਪਛਤਾਵਨਾ ਏਂ,

ਜੇ ਤੂੰ ਦਿਲਬਰ ਯਾਰ ਨੂੰ ਪਾਵਣਾ ਏਂ,

ਖਹਿੜਾ ਛਡਦੇ ਤੂੰ ਹਸ਼ਮਤ ਸ਼ਾਹ ਦਿਲ ਦਾ

📝 ਸੋਧ ਲਈ ਭੇਜੋ