ਕੱਲ੍ਹ ਵੀ ਤੇਰੇ ਵਿੱਚ ਖ਼ਿਆਲਾਂ ਨੀਂਦਰ ਨਾਹੀਂ ਆਈ ।
ਅੱਜ ਵੀ ਮੇਰੇ ਨੈਣਾਂ ਮਾਹੀ ਰੋ ਕੇ ਰਾਤ ਲੰਘਾਈ ।
ਖ਼ੁਆਬਾਂ ਦੇ ਵਿਚ ਆ ਕੇ ਸਾਨੂੰ ਦਿੱਤੇ ਜੇਸ ਦਿਲਾਸੇ,
ਖੁਲੀ ਅੱਖ ਤੇ ਉਹਦੀ ਮੂਰਤ, ਜਿੰਦੜੀ ਏ ਤੜਪਾਈ ।
ਲੋਕਾਂ ਦੇ ਘਰ ਬਲਦੇ ਦੀਵੇ, ਹਾਸੇ ਖ਼ੁਸ਼ੀਆਂ ਵਾਲੇ,
ਮੇਰੇ ਘਰ ਦੇ ਆਲ-ਦਵਾਲੇ ਦੁੱਖਾਂ ਛਾਉਂਣੀ ਪਾਈ ।
ਪੂਣੀ ਵਾਂਗਰ ਉਹਦੇ ਬੋਲਾਂ ਸੀਨਾਂ ਛਲਣੀ ਕੀਤਾ,
ਕੱਲ੍ਹ ਤੱਕ ਜਿਹੜਾ ਥਾਂ-ਥਾਂ ਸਾਡੀ ਕਰਦਾ ਸੀ ਵਡਿਆਈ ।
ਆਜਾ ਮੋੜ ਮੁਹਾਰਾਂ ਮਾਹੀ ਝੋਕ ਅਸਾਡੀ ਵੱਸੇ,
ਹੁਣ ਨਹੀਂ ਝੱਲੀ ਜਾਂਦੀ ਸਾਥੋਂ, ਸੱਜਣਾ ਹੋਰ ਜੁਦਾਈ ।
ਘੁਟ-ਘੁਟ ਸੀਨੇ ਲਾਵਾਂ ਤੈਨੂੰ, ਠੰਢ ਕਲੇਜੇ ਪਾਵਾਂ
'ਸ਼ਾਕਿਰ' ਤੂੰ ਹੋਵੇਂ ਤੇ ਹੋਵੇ, ਹਰ ਪਾਸੇ ਰੁਸ਼ਨਾਈ ।