(ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਉਹਨਾਂ
ਦੀ ਵਿਚਾਰਧਾਰਾ ਨੂੰ ਸਮਰਪਿਤ )
ਊਧਮ ਸਿੰਘ ਨੇ ਲੰਡਨ ਵਿੱਚ ਹਥਿਆਰ ਨਹੀਂ
ਵਿਚਾਰ ਚਲਾਇਆ ਸੀ :
ਕਿ ਬੇਕਸੂਰ ਲੋਕਾਂ ਤੇ
ਹਥਿਆਰ ਚਲਾਉਣ ਵਾਲ਼ੇ
ਹਤਿਆਰੇ ਹੁੰਦੇ ਹਨ
ਤੇ ਹਤਿਆਰਿਆਂ ਦੇ ਹਤਿਆਰੇ
ਹੁੰਦੇ ਨੇ ਸੂਰਮੇ
ਊਧਮ ਸਿੰਘ ਨੇ ਲੰਡਨ ਵਿੱਚ ਹਥਿਆਰ ਨਹੀਂ
ਵਿਚਾਰ ਚਲਾਇਆ ਸੀ
ਕਿ
ਮਾਂਵਾਂ ਦੀਆਂ ਕੁੱਖਾਂ
ਗ਼ੈਰਤਮੰਦ ਅਣਸ ਜੰਮਣਾ
ਕਦੇ ਬੰਦ ਨਹੀਂ ਕਰਦੀਆਂ
ਉਹ ਮੱਸੇ ਰੰਘੜ ਲਈ
ਸੁੱਖਾ ਸਿੰਘ ਮਹਿਤਾਬ ਸਿੰਘ ਪੈਦਾ ਕਰਦੀਆਂ ਨੇ
ਅਕਬਰ ਲਈ ਦੁੱਲਾ ਭੱਟੀ
ਔਰੰਗ ਲਈ ਗੋਬਿੰਦ
ਮਨੂੰ ਜਦੋਂ ਦਾਤਰੀ ਬਣਦਾ ਹੈ ਤਾਂ
ਇਹ ਅਣਸਾਂ ਸੋਏ ਬਣ ਜਾਂਦੀਆਂ ਹਨ
ਊਧਮ ਸਿੰਘ ਨੇ ਲੰਡਨ ਵਿੱਚ ਹਥਿਆਰ ਨਹੀਂ
ਵਿਚਾਰ ਚਲਾਇਆ ਸੀ
ਵਿਚਾਰ ਜਿਸਦਾ ਬੀਜ ਉਸਦੇ ਨਾਮ
‘ਮੁਹੰਮਦ ਸਿੰਘ ਅਜ਼ਾਦ ਦੀ
ਸਾਂਝੀਵਾਲ਼ਤਾ ਵਾਲ਼ੀ ਵਿਚਾਰਧਾਰਾ
ਵਿੱਚ ਪਿਆ ਸੀ
ਵਿਚਾਰ ਜੋ ਲੋਕ ਵਿਰਸੇ ਦੀ
ਨੁਮਾਇੰਦਗੀ ਕਰਦੀ ‘ਹੀਰ ਵਾਰਿਸ’ਨੂੰ
ਧਰਮ ਗ੍ਰੰਥ ਦਾ ਦਰਜਾ ਦਿੰਦਾ ਸੀ
ਵਿਚਾਰ ਜੋ ਇਹ ਤਸਦੀਕ ਕਰਦਾ ਸੀ ਕਿ
ਜੇ ਪੰਜਾਬ ਗੁਰਾਂ ਦੇ ਨਾਮ ਤੇ ਜੀਂਦਾ ਹੈ ਤਾਂ
ਇਹ ਵੱਸਦਾ ਸਾਂਝੇ ਲੋਕ ਵਿਰਸੇ ਦੇ ਨਾਮ 'ਤੇ ਹੈ
ਊਧਮ ਸਿੰਘ ਨੇ ਲੰਡਨ ਵਿੱਚ ਜੋ ਹਥਿਆਰ
ਚਲਾਇਆ ਸੀ
ਉਸ ਦੀ ਬੈਰਲ ਵਿੱਚੋਂ ਗੋਲ਼ੀ ਨਹੀਂ
ਸੋਚ ਨਿਕਲੀ ਸੀ
ਸੋਚ ਜਿਸ ਵਿੱਚ
ਭਗਤ ਸਿੰਘ ,ਰਾਜਗੁਰੂ ,ਸਰਾਭਾ
ਤੇ ਗਦਰ ਦੀ ਗੂੰਜ ਸ਼ਾਮਲ ਸੀ
ਊਧਮ ਸਿੰਘ ਨੇ ਲੰਡਨ ਵਿੱਚ ਹਥਿਆਰ ਨਹੀਂ
ਵਿਚਾਰ ਚਲਾਇਆ ਸੀ
ਹਥਿਆਰ ਤਾਂ ਕੋਈ ਦਸ ਨੰਬਰੀਆ
ਗੁੰਡਾ ਗੈਂਗਸਟਰ ਵੀ
ਕਦੇ ਵੀ
ਕਿਤੇ ਵੀ
ਚਲਾ ਸਕਦਾ ਹੈ।