ਹਰ ਕਾਲ ਚੋਂ ਉੱਠਣਾ ਨਾਦ ਕਦੇ।
ਰੰਗ ਡੁੱਬਿਆ ਆਉਣਾ ਯਾਦ ਕਦੇ।
ਹਰ ਹਰਫ਼ 'ਚ ਸੁਪਨੇ ਪੁੜ ਜਾਣੇ,
ਸਭ ਅੰਬਰ ਨੀਂਦ 'ਚ ਜੁੜ ਜਾਣੇ,
ਸ਼ੀਂਹ ਖ਼ੂਨੀ ਮੌਤ ਦੇ ਮੁੜ ਜਾਣੇ;
ਤੁਰ ਵਾਂਗ ਮਸੀਹਾ ਆਵੇਗੀ
ਰੱਬ-ਘਰ ਕਾਫ਼ਰ ਦੀ ਯਾਦ ਕਦੇ–
ਹਰ ਕਾਲ 'ਚੋਂ ਉੱਠਣਾ ਨਾਦ ਕਦੇ।
ਕੁੜੇ ਰੋ ਨ, ਸਭ ਦਾ ਮੁੱਲ ਪੈਣਾ,
ਜੋ ਰੁਲ ਗਏ ਉਹਨਾਂ ਹੁੱਲ ਪੈਣਾ,
ਪੁੰਨ-ਪਾਪ ਤੋਂ ਅੱਗੇ ਝੁੱਲ ਪੈਣਾ,
ਜੋ ਵਾਅਦੇ ਤੋੜੇ ਵਲੀਆਂ ਨੇ
ਖੜ ਜਾਸਨ ਹੋ ਫ਼ਰਿਆਦ ਕਦੇ-
ਹਰ ਕਾਲ 'ਚੋਂ ਉੱਠਣਾ ਨਾਦ ਕਦੇ।
ਕਦੇ ਧਰਮ ਦੇ ਬੋਲ ਵੀ ਉੱਕਣਗੇ,
ਜੋ ਅੰਬਰ ਸਾਜਣ, ਰੁੱਕਣਗੇ,
ਰੋ ਖੰਡਰਾਂ ਦਾ ਦੁੱਖ ਚੁੱਕਣਗੇ;
ਦਰ ਪਾਕ ਕਿਤਾਬਾਂ ਦੇ ਸਾਹਮੇ
ਹੋ ਜਾਸਨ ਜਸ਼ਨ ਅਬਾਦ ਕਦੇ-
ਹਰ ਕਾਲ 'ਚੋਂ ਉੱਠਣਾ ਨਾਦ ਕਦੇ।
ਛੱਡ ਇਲਮ ਹਕੂਮਤ ਤਾਜ ਕਦੇ
ਹਰ ਤ੍ਰਿਣ ਦੀ ਚਮਕੋ ਆਬ ਕਦੇ
ਹਰ ਪੱਤ ਦੀ ਆਉਣੀ ਯਾਦ ਕਦੇ,
ਤੂੰ ਕੁੱਝ ਨ ਭੁੱਲ ਇਸ ਪੈਂਡੇ ਦਾ
ਇਹ ਮੁੜ ਨ ਆਉਣੀ 'ਵਾਜ ਕਦੇ-
ਹਰ ਕਾਲ 'ਚੋਂ ਉੱਠਣਾ ਨਾਦ ਕਦੇ।
ਗਲ ਹੌਲ ਦੇ ਲਗਦੀ ਪੌਣ ਕੁਈ,
ਕੁਝ ਪੀਂਦੇ ਜਲ-ਥਲ ਕੌਣ ਕੁਈ,
ਵਿਚ ਸ਼ਬਨਮ ਸਿਹਰ ਜਗਾਉਣ ਕੁਈ,
ਇਸ ਜੂਹ ਵਿਚ ਜੋ ਵੀ ਬੋਲ ਪਿਆ
ਉਹ ਪਹਿਣ ਲਵੇਗਾ ਤਾਜ ਕਦੇ-
ਹਰ ਕਾਲ 'ਚੋਂ ਉੱਠਣਾ ਨਾਦ ਕਦੇ।
ਕਰ ਚੰਨ-ਸੂਰਜ ਨੂੰ ਮਾਤ ਕਦੇ
ਇਸ ਪੈੜ ਛੁਪਾਉਣੀ ਰਾਤ ਕਦੇ
ਥਲ ਹੋ ਜਾਣੇ ਇਕ ਝਾਤ ਕਦੇ,
ਲੈ ਖ਼ਾਬ ਮਹਿੰਦੀਆਂ ਮਾਹੀ ਦੇ
ਹੁੱਲ ਪੈਣਾ ਹਿਜਰਾਂ ਬਾਅਦ ਕਦੇ-
ਹਰ ਕਾਲ 'ਚੋਂ ਉੱਠਣਾ ਨਾਦ ਕਦੇ।
ਲੱਕ ਪਤਲਾ ਪੌਣ ਦਾ ਨਾਜ਼ ਕੋਈ
ਜਾਂ ਝੁੰਮਰ ਜਾਂ ਪਰਵਾਜ਼ ਕੋਈ,
ਹਾਂ, ਬਹੁਤ ਮਹੀਨ ਆਵਾਜ਼ ਕੋਈ
ਦਿਹੁੰ ਰਾਤ 'ਚ ਭਰਦੀ ਰਾਜ਼ ਕੋਈ,
ਆ ਮਿਲਸਨ ਵਿਛੜੇ ਯਾਰਾਂ ਜਿਉਂ
ਵਣ-ਪੀਲੂਆਂ ਵਾਲੇ ਸੁਆਦ ਕਦੇ–
ਹਰ ਕਾਲ 'ਚੋਂ ਉੱਠਣਾ ਨਾਦ ਕਦੇ,
ਰੰਗ ਡੁੱਬਿਆ ਆਉਣਾ ਯਾਦ ਕਦੇ।