ਵੱਖੋ ਵੱਖ

ਵਸਤਰਾਂ ਦੀ ਹਿਲਜੁਲ

ਤੇ

ਭਾਂਤ ਭਾਂਤ ਬੋਲੀਆਂ

ਦੀ ਭਾਂ ਭਾਂ ਵਿਚ

ਉਸ ਟੇਸ਼ਨ ਤੇ ਭੀੜ ਬੜੀ ਸੀ

ਉਹ ਡੱਬੇ ਦੇ 

ਦਰਵਾਜ਼ੇ ਵਿਚ

ਅੱਖਾਂ ਭਰੀ ਖੜੀ ਸੀ

ਸੀਟੀ ਰੋਈ

ਹਰੇ ਰੰਗ ਦੀ ਝੰਡੀ ਹੋਈ

ਇੰਜਣ ਨੇ ਇਕ ਹੌਕਾ ਭਰਿਆ

ਫੂਕਰ ਜਹੀ ਭਾਫ ਦੀ ਛੱਡੀ

ਹੁਜਕਾ

ਮਾਰ ਕੇ ਤੁਰ ਪਈ ਗੱਡੀ

ਹੁਜਕੇ ਨਾਲ ਹੀ

ਗੱਡੀ ਕੋਲ ਖੜੇ ਦਾ ਦਿਲ ਫਿਸਿਆ ਸੀ

ਕੁਝ ਪਲਾਂ ਲਈ

ਹੰਝੂਆਂ ਦੇ ਝਾਉਲੇ ਵਿਚ ਉਸ ਨੂੰ

ਗੋਰਾ ਹੱਥ

ਹਿਲਦਾ ਦਿਸਿਆ ਸੀ

ਪੱਥਰ ਦੇ ਬੁੱਤ ਵਾਂਗ

ਖੜਾ ਆਪਣੀ ਥਾਂ

ਦੂਰ ਤੱਕ

ਉਹੀ ਗੱਡੀ ਨਾਲ ਧਰੀਕ ਹੋ ਗਿਆ

ਜਦ ਮੁੜਿਆ ਤਾਂ ਉਸਨੂੰ ਲੱਗਾ

ਉਸਦਾ ਕੁੱਝ ਹਿੱਸਾ ਹਾਲੇ ਵੀ

ਸਿਗਨਲ ਲੰਘਦੀ

ਗੱਡੀ ਨਾਲ ਹੀ ਲਟਕ ਰਿਹਾ ਸੀ

ਉਸ ਨੂੰ ਪਿੱਛੋਂ

ਕਿੰਨਾਂ ਚਿਰ ਉਹ

ਭਰੇ ਸ਼ਹਿਰ ਦੀ ਗਹਿਮਾ ਗਹਿਮੀ ਦੇ ਵਿਚ

ਆਪਣੀ ਮਹਿਮਾ ਤੋਂ ਵਿਰਵਾ ਹੋ

ਊਣਾ ਊਣਾ ਭਟਕ ਰਿਹਾ ਸੀ

ਉਸ ਦੇ ਦਿਲ ਵਿਚ

ਅਣਕਹੀਆਂ ਗੱਲਾਂ ਦਾ ਕੰਡਾ ਖਟਕ ਰਿਹਾ ਸੀ

ਤੇ ਤਰਕਾਲੀ

ਯਾਰਾਂ ਦੀ ਜੁੰਡਲੀ ਵਿਚ

ਬਹਿਸ ਕਰਦਿਆਂ

ਅੱਖਰ

ਉਸਦੇ ਹੋਠਾਂ ਉਤੋਂ

ਥਿੜਕ ਥਿੜਕ ਜਾਂਦੇ ਸੀ। 

📝 ਸੋਧ ਲਈ ਭੇਜੋ