ਮੈਂ ਨਿਰੰਤਰ ਯਾਤਰੀ ਕਿਉਂ ਬਣ ਗਿਆ
ਸੜਕ ਦੇ ਨੇੜੇ ਖੜ੍ਹੇ ਇਕ ਰੁੱਖ ਜਿਹਾ
ਯਾਤਰਾਵਾਂ ਜੇ ਮੈਂ ਹੁਣ ਤਕ ਕੀਤੀਆਂ
ਉਨ੍ਹਾਂ ਦੀ ਗਿਣਤੀ ਹੈ
ਮੇਰੀ ਉਮਰ ਦੇ ਵਰ੍ਹਿਆਂ ਤੋਂ ਵੱਧ
ਯਾਤਰਾ ਪੈਰਾਂ ਦੀ ਸੀ
ਕੱਚਿਆਂ ਰਾਹਾਂ ਦੀ ਸੀ ਜਾਂ ਸੜਕ ਦੀ
ਪਿੰਡ ਨੇੜੇ ਸੜਕ ਤਕ ਦੀ
ਜਾਂ ਸਮੁੰਦਰ ਪਾਰ ਦੀ
ਯਾਤਰਾ ਸੀ ਸੋਚ ਦੀ ਜਾਂ ਜਜ਼ਬਿਆਂ ਦੀ
ਭਾਵਨਾਵਾਂ ਦੀ ਤੇ ਜਾਂ ਫਿਰ ਕਲਪਨਾ ਦੀ
ਯਾਤਰਾ ਮਜਬੂਰੀਆਂ ਜਾਂ ਮੁਸ਼ਕਲਾਂ ਦੀ
ਜਾਂ ਉਤਸੁਕਤਾ ਭਰੇ ਆਨੰਦ ਵਾਲੀ
ਯਾਤਰਾਵਾਂ ਸਾਰੀਆਂ ਹੀ
ਹੋਂਦ ਮੇਰੀ ਦਾ ਜਿਵੇਂ ਆਧਾਰ ਸਨ
ਮੇਰੇ ਅਨੁਭਵ ਦੇ ਨਵੇਂ ਪਾਸਾਰ ਸਨ
ਯਾਤਰਾ ਤੇ ਜ਼ਿੰਦਗੀ ਸਮਅਰਥ ਬਣੀਆਂ
ਸਿਲਸਿਲਾ ਸਾਹਾਂ, ਪਲਾਂ ਦਾ ਜੁੜ ਗਿਆ ਇਉਂ
ਉੱਚਿਆਂ ਤੇ ਨੀਵਿਆਂ ਰਾਹਾਂ ਦੇ ਨਾਲ
ਯਾਤਰਾ ਹੀ ਜਾਪਦਾ ਸੀ ਜ਼ਿੰਦਗੀ
ਕਿਉਂ ਅਚਾਨਕ ਰੁਕ ਗਿਆ ਇਹ ਸਿਲਸਿਲਾ
ਪੈ ਗਿਆ ਇਹ ਯਾਤਰਾ ਵਿਚ ਵਿਘਨ ਕਿਉਂ
ਕਸਕ ਵਰਗੀ ਚੁੱਪ ਨੂੰ ਹੁਣ
ਸਾਂਭ ਕੇ ਸੀਨੇ 'ਚ ਡੂੰਘਾ
ਸੜਕ ਦੇ ਨੇੜੇ ਖੜ੍ਹੇ ਇਕ ਰੁੱਖ ਜਿਹਾ ਮੈਂ
ਦੇਖਦਾ ਹਾਂ ਰਾਤ ਦਿਨ ਲੰਘਦੇ ਅਨੇਕਾਂ ਯਾਤਰੀ
ਸੋਚਦਾ ਹਾਂ ਮੈਂ ਤੁਰਾਂਗਾ ਫਿਰ ਕਦੋਂ ਹੁਣ।