[ਸੂਫ਼ੀਆਂ ਦਾ ਗੀਤ]
ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ,
ਰੁੱਤ ਫਿਰੀ ਵਣ ਕੰਬਿਆ, ਕਿਰ ਗਏ ਬਨੇਰੇ।
ਰਾਹ ਵਿਚ ਮੈਨੂੰ ਛੱਡਿਆ
ਰੰਗ ਹਰੇ ਕਚੂਰਾਂ,
ਮਿੱਟੀ ਪਈ ਅਤੋਲਵੀਂ
ਵਿਚ ਸੁੱਕਿਆਂ ਬੂਰਾਂ।
ਏਸ ਖ਼ਾਕ ਵਿਚ ਰਲੇ ਨ, ਕਿਉਂ ਸੂਰਜ ਤੇਰੇ ?
ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ।
ਏਸ ਜੋਗ ਵਿਚ ਸੁਣੇ ਨ
ਕਿਉਂ 'ਵਾਜ ਪਿਆਰੀ ?
ਇਸ ਪੈਂਡੇ ਵਿਚ ਮਿਲੇ ਨ
ਕਿਸੇ ਨਾਥ ਦੀ ਯਾਰੀ।
ਨ ਇਹ ਖੂਹ ਹੈ ਸੋਹਣੀਏਂ, ਕਿਸੇ ਨਜ਼ਰ ਦੇ ਨੇੜੇ,
ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ।
ਇਹਨਾਂ ਅੱਖੀਆਂ ਨਦੀ ਦੇ
ਪਰਛਾਵੇਂ ਰੋਲੇ
ਛੋਡੇ ਇਹਨਾਂ ਜੰਘੀਆਂ
ਦਰ ਗੁਰਾਂ ਦੇ ਟੋਲੇ;
ਖ਼ਾਨਗਾਹਾਂ ਤੋਂ ਦੂਰ ਹੀ, ਸ਼ਹੁ ਪਾਵੇ ਫੇਰੇ,
ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ।
ਬੰਨ੍ਹੇ ਹੋਏ ਖੰਭ ਜਿਉਂ
ਸਾਹ ਫੜੇ ਨੇ ਮੇਰੇ,
ਸ਼ੇਰ ਬਘੇਲਾ ਪਾਏ ਨ
ਇਸ ਜੂਹ ਵਿਚ ਫੇਰੇ,
ਲਾ-ਮਕਾਂ ਦੀ ਨਜ਼ਰ ਨੂੰ, ਕੋਈ ਲਸ਼ਕਰ ਘੇਰੇ,
ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ।
ਲਾ-ਮਕਾਂ ਵਿਚ ਖੁਭੇ ਨੇ
ਦੰਦ ਸਾਰ ਦੇ ਡਾਢੇ,
ਕੁਝ ਵੀ ਉੱਗ ਨ ਸਕਦਾ
ਕਿਤੇ ਯਾਰ ਨ ਸਾਡੇ !
ਨ ਤਾਂ ਖੇਡ ਫ਼ਕੀਰ ਦੀ, ਨ ਦੁਨੀ 'ਚ ਡੇਰੇ,
ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ।
ਰੁੱਤ ਫਿਰੀ ਵਣ ਕੰਬਿਆ, ਕਿਰ ਗਏ ਬਨੇਰੇ।