ਅਹਿਰਣ ਪੈ ਕੇ ਸੱਟ ਸੀ ਲੱਗਦੀ

ਇੱਕ ਤੋਂ ਵੱਧ ਇੱਕ ਕੁੱਟਦਾ

ਇੱਕ ਬੈਠਾ ਕਹਿਕੇ 'ਬੱਲੇ ਸ਼ਾਵਾ

ਮੂਹਰੇ ਕਰ ਕਰ ਸੁੱਟਦਾ

ਸੋਹਣੇ ਰੂਪ ਬਣਾਉਣੇ ਏਨੇ

ਹੁੰਦੇ ਨਹੀਂ ਸੁਖਾਲੇ

ਅੱਗੀਂ ਪੈ ਪੈ,ਸੱਟਾਂ ਸਹਿ ਸਹਿ

ਇੰਝ ਬਣਦੇ ਸੀ ਫਾਲੇ

ਇੱਕਠੀਆਂ ਸੀ ਹੁੰਦੀਆਂ ਕੁੜੀਆਂ 

ਵਿੱਚ ਸਾਉਣ ਦੇ ਆਕੇ

ਲ਼ੈ ਆਉਂਦੇ ਸਨ ਵੀਰ ਭੈਣਾਂ ਨੂੰ

ਏਸ ਮਹੀਨੇ ਜਾ ਕੇ

ਪਿੰਡੋਂ ਬਾਹਰ ਪਿੜਾਂ ਵਿੱਚ ਇੱਕਠੀਆਂ

ਹੁੰਦੀਆਂ ਨੂੰਹਾਂ ਧੀਆਂ

ਖੁਸ਼ੀ ਮਲਾਰ ਸੀ ਸਾਂਝੇ ਕਰਦੀਆਂ

ਇੰਝ ਲਗਦੀਆਂ ਸੀ ਤੀਆਂ

ਬਾਪੂ ਸੱਥਾਂ ਵਿੱਚ ਸੀ ਬਹਿੰਦੇ

ਪੁੱਤਰ ਸੀ ਹਲ ਵਾਹੁੰਦੇ

ਇੱਜ਼ਤ,ਪਰਦੇ,ਲਾਜ,ਸ਼ਰਮ ਦੇ

ਗਹਿਣੇ ਲੋਕ ਸੀ ਪਾਉਂਦੇ

ਰੌਲਾ਼ ਪਾ ਪਾ ਦੱਸ ਦਿੰਦੇ ਸਾਂ

ਜਦ ਆਉਂਦੇ ਸੀ ਮਾਮੇ

ਕੱਚੇ ਰਾਹੋਂ ਜਤ-ਸਤ ਪੱਕੇ

ਜਾਂ ਲੰਘਦੇ ਸੀ ਕਾਮੇਂ

  

ਮੋਰੀਆਂ ਵਾਲੀ ਹੁੰਦੀ ਝਲਾਨੀ

ਨਾਲ ਤੰਦੂਰ ਤਪਾਉਂਦੇ

ਮਾਸੀਆਂ ਚਾਚੀਆਂ ਕੱਠੀਆਂ ਹੁੰਦੀਆਂ

ਫੇਰ ਸੀ ਅੰਨ ਪਕਾਉਂਦੇ

ਜੁੜ ਵਹਿੰਦਾ ਸੀ ਚੁੱਲੇ ਮੂਹਰੇ

ਰਲਕੇ ਟੱਬਰ ਸਾਰਾ

ਹਾਸਾ ਠੱਠਾ ਖੁਸ਼ੀਆਂ ਖੇੜੇ

ਸੀ ਸਾਡਾ ਵਰਤਾਰਾ

ਬਹੁਤ ਤਰੱਕੀਆਂ ਕੋਠੀਆਂ ਪੱਕੀਆਂ

ਧਰ ਧਰ ਭੁੱਲਣ ਲੱਗੇ

ਊਣੇ ਭਾਂਡੇ ਕਾਹਦੇ ਭਰ ਗਏ

ਭਰ ਭਰ ਡੁੱਲਣ ਲੱਗੇ

ਖੁਸ਼ੀ ਗਮੀ ਤੇ ਪਿੰਡ ਨੂੰ ਭੁੱਲਕੇ

ਲਾ ਲਏ ਸ਼ਹਿਰ ਡੇਰੇ

ਲਾਣਾਂ,ਖੇਤ,ਚੌਰਾਹੇ ਬਾਬਾ

ਭੁੱਲ ਗਏ ਪੋਤੇ ਤੇਰੇ

📝 ਸੋਧ ਲਈ ਭੇਜੋ