ਰਾਜਿਆ ਰਾਜ ਕਰੇਂਦਿਆ
ਤੂੰ ਕੀ ਕੀ ਚੱਲਦੈਂ ਚਾਲ
ਕਦੇ ਵਰਤੇਂ ਬੰਦੇ ,ਬੰਬ ਜਿਉਂ
ਤੇ ਕਦੇ ਬਣਾ ਲਏਂ ਢਾਲ਼
ਤੇਰੇ ਕਿਲ੍ਹੇ ਤੇ ਮਹਿਲਾਂ ਮਾੜੀਆਂ
ਦੀਆਂ ਇੱਟਾਂ ਲਹੂ ਜਿਉਂ ਲਾਲ
ਨੀਹਾਂ ਵਿੱਚ ਕਈ ਲਸ਼ਕਰਾਂ
ਤੇ ਦਾਸੀਆਂ ਦੇ ਕੰਕਾਲ
ਸਿਆਸਤ ਵਾਲ਼ੀ ਖੇਡ ਵਿੱਚ
ਔਰਤ ਵੀ ਇੱਕ ਚਾਲ
ਦਾਅ ਤੇ ਲਾਈ ਦਰੋਪਦੀ
ਕਰ ਹਾਲੋਂ ਬੇਹਾਲ
ਨਾਰੀ ਨੂੰ ਨਾਗਣ ਬਣਾ
ਆਏ ਵਰਤਦੇ ਰਾਜੇ ਰਾਣੇ
ਵਿਸ਼ਕੰਨਿਆ - ਤਾਰੀਖ਼ ਦੇ
ਪੰਨੇ ਬੜੇ ਪੁਰਾਣੇ
ਦੋਧੇ-ਦੰਦ ਤੋ ਕੰਜਕਾਂ
ਸੀ ਦਿੱਤੀ ਜਾਂਦੀ ਜ਼ਹਿਰ
ਭਰ ਮੁਟਿਆਰਾਂ ਹੋਣ ਤੱਕ
ਚੱਲਦਾ ਸੀ ਇਹ ਕਹਿਰ
ਇਸ ਜ਼ਹਿਰ ਦੇ ਕਹਿਰ ਨਾਲ਼
ਕਈ ਜਾਂਦੀਆਂ ਛੱਡ ਜਹਾਨ
ਸੱਪਣੀਆਂ ਬਣ ਜਾਂਦੀਆਂ
ਬਚਦੀ ਜਿਹਨਾਂ ਦੀ ਜਾਨ
ਨਾਗਾਂ ਦਾ ਇਹ ਜ਼ਹਿਰ ਸੀ
ਫਿਰ ਵਿਖਾਉਂਦਾ ਰੰਗ
ਨਾਗਣ ਵਾਂਗੂੰ ਮਾਰਦੀ
ਸੀ ਵਿਸ਼ਕੰਨਿਆ ਡੰਗ
ਵੈਰੀਆਂ ਅਤੇ ਵਿਰੋਧੀਆਂ
ਲਈ ਤਨ ਦਾ ਹਥਿਆਰ
ਕਾਮੁਕ ਅਦਾ ਸ਼ਰਾਬ ਸੰਗ
ਜੋ ਸੀ ਕਰਦਾ ਵਾਰ
ਕਿੰਨੀਆਂ ਧੀਆਂ ਤੱਤੜੀਆਂ
ਨਾਗ ਜੂਨ ਵਿੱਚ ਪਈਆਂ
ਔਰਤ ਬਣ ਕੇ ਆਈਆਂ ਐਪਰ
ਨਾਗਣ ਬਣ ਕੇ ਗਈਆਂ
ਰਾਜਿਆ ਰਾਜ ਕਰੇਂਦਿਆ
ਤੂੰ ਕੀ ਕੀ ਚੱਲਦੈਂ ਚਾਲ
ਕਦੇ ਵਰਤੇਂ ਬੰਦੇ ,ਬੰਬ ਜਿਉਂ
ਤੇ ਕਦੇ ਬਣਾ ਲਏਂ ਢਾਲ਼