ਕਾਇਮ ਸੀ ਵਿਸ਼ਵਾਸ ਜਿਨ੍ਹਾਂ ਦਾ 

ਸੀਨੇ ਦੀ ਧੁੰਦਲੀ ਕਲਵਲ 'ਚੋਂ 

ਜਿਨ੍ਹਾਂ ਨੂਰ ਦੀ ਭਾਲ ਪਛਾਣੀ

ਉਹ ਤਾਂ ਤੱਪਦੇ ਮਾਰੂਥਲ 'ਚੋਂ

ਹਫਦੇ ਹਫਦੇ ਹੱਸਦੇ ਹੱਸਦੇ ਲੰਘ ਜਾਂਦੇ ਸਨ। 

ਮਾਰੂਥਲ ਵਿਚ

ਜੇ ਕਿਧਰੇ ਰੁੱਖਾਂ ਦੀ ਛਾਵੇਂ

ਪਾਣੀ ਦਾ ਕੋਈ ਚਸ਼ਮਾ ਆਉਂਦਾ

ਦੋ ਪਲ ਬਹਿ ਲੈਂਦੇ ਸਨ ਭਾਵੇਂ

ਤੇ ਲੋਕਾਂ ਨੂੰ

ਰੇਤ ਉੜਾਉਂਦਿਆਂ ਵੇਖ-ਵੇਖ ਕੇ ਮੁਸਕਾਉਂਦੇ ਸਨ।

ਕਾਇਮ ਸੀ ਵਿਸ਼ਵਾਸ ਜਿਨ੍ਹਾਂ ਦਾ

ਸੀ ਉਹਨਾਂ ਦੇ ਪਾਸ,

ਇਕ ਸਦੀਵੀ ਖ਼ਾਬਾਂ ਦੀ ਬਸਤੀ ਦੀ ਆਸ।

ਸੌਖਾ ਲੰਘ ਜਾਂਦਾ ਸੀ ਗੇੜ ਦਿਨਾਂ ਦਾ।

ਅਸੀਂ ਬਹੁਤ ਬਲਵਾਨ ਹੋ ਗਏ

ਬੜੇ ਤੇਜ਼ ਰੌ

ਉੱਚੇ ਉੱਡਣ ਵਾਲੇ

ਆਲੀਸ਼ਾਨ ਹੋ ਗਏ।

ਐਪਰ ਨਿੱਘੀਆਂ ਧੁੱਪਾਂ

ਠੰਢੀਆਂ ਛਾਵਾਂ ਵਿਚ ਵੀ ਚੈਨ ਅਰਾਮ ਨਹੀਂ ਹੈ,

ਕੋਈ ਗਾਮ ਨਹੀਂ ਹੈ

ਸਾਡਾ ਕੋਈ ਧਾਮ ਨਹੀਂ ਹੈ।

ਸੀਨੇ ਵਿਚ ਹੈ ਧੁੰਦਲੀ ਕਲਵਲ

ਭਾਲ ਨਹੀਂ ਪਰ ਕਿਸੇ ਨੂਰ ਦੀ।

ਹਾਸੇ ਵਿਚ ਖ਼ੁਸ਼ੀ ਨਹੀਂ ਬਾਕੀ

ਸੋਚ ਰਿਹਾ ਨਹੀਂ ਅੱਥਰੂਆਂ ਵਿਚ।

ਮੁਕਦਾ ਦਿਸੇ ਨਾ ਗੇੜ ਦਿਨਾਂ ਦਾ ਡਾਢਾ ਨਿਸ਼ਫਲ। 

ਸਾਡੀ ਜਿੰਦ ਨੂੰ ਸਹਿਮ ਬੜਾ ਹੈ 

ਹੱਡਾਂ ਰੋੜੀ ਲਾਗੇ

ਭੈ ਦਾ ਕਾਲਾ ਦੈਂਤ ਖੜਾ ਹੈ

ਇਸ ਤੋਂ ਅੱਗੇ ਕੁਝ ਨਹੀਂ ਦਿੱਸਦਾ 

ਅੱਖੀਆਂ ਦਾ ਹੈ ਚਾਨਣ ਹਿੱਸਦਾ।

📝 ਸੋਧ ਲਈ ਭੇਜੋ