ਵਾਅਦਾ ਕਰਕੇ ਭੁੱਲ ਗਿਆ ਏਂ ਲਿੱਖਿਆ ਮੈਂ ਦਿਲ ਉੱਤੇ ਦੇਖ ।
ਕਈ ਬਹਾਰਾਂ ਬੀਤ ਗਈਆਂ ਆਵੇਂਗਾ ਕਿਹੜੀ ਰੁੱਤੇ ਦੇਖ ।
ਹੁਸਨ ਜਵਾਨੀ ਬਾਗ਼ ਬਹਾਰਾਂ ਜੋ ਕੁਝ ਵੀ ਤੂੰ ਮੰਗਿਆ ਸੀ,
ਇਕ ਇਕ ਕਰਕੇ ਪੂਰੇ ਹੋ ਗਏ ਤੇਰੇ ਸਾਰੇ ਬੁੱਤੇ ਦੇਖ ।
ਆਪਣੀ ਆਪਣੀ ਮੰਜ਼ਿਲ ਦੇ ਵਲ ਹਰ ਕੋਈ ਟੁਰਿਆ ਜਾਂਦਾ ਏ,
ਰਾਹ ਜਿਨ੍ਹਾਂ ਨੂੰ ਯਾਦ ਸੀ ਰਾਹਵਾਂ ਦੇ ਵਿਚ ਰਹਿ ਗਏ ਸੁੱਤੇ ਦੇਖ ।
ਆਪਣੇ ਐਬ ਛੁਪਾਵਣ ਦੇ ਲਈ ਜਿਹੜੀ ਜੂਹੇ ਜਾਵਾਂ ਮੈਂ,
ਲੱਭ ਲੈਂਦੇ ਨੇ ਅਜਲ ਦੇ ਢੱਗੇ ਸਾਹਵਾਂ ਦੇ ਸੰਗ ਜੁੱਤੇ ਦੇਖ ।
ਕੰਧਾਂ ਦੇ ਨਾਲ ਗੱਲਾਂ ਕਰ ਕਰ 'ਸਦਫ਼' ਗੁਜ਼ਾਰੀ ਸਾਰੀ ਰਾਤ,
ਇਕ ਇਕ ਹੰਝੂ ਕੱਠਾ ਕਰਕੇ ਹਿਜਰ ਦੇ ਹਾਰ ਪਰੁੱਤੇ ਦੇਖ ।