ਵਾਵਾ ਵੱਖਰੇ ਅੰਧਲੇ ਖੋਲ੍ਹ ਅੱਖੀਂ, ਸਮਝ ਦਿਲ ਦੇ ਵਿੱਚ ਕਿਆਸ ਕਰਕੇ।
ਝੂਠਾ ਜੱਗ ਫ਼ਨਾਹ ਮਕਾਨ ਦਾ ਈ, ਤੂੰ ਕੀ ਜਾਣਿਆ ਸੱਚ ਬਿਲਾਸ ਕਰਕੇ ।
ਸ਼ਾਹੂਕਾਰ ਧਨ ਪਾਤਰੀ ਲੱਖ ਰਾਜੇ, ਧਯਾ ਛੱਡਕੇ ਜੱਗ ਤੇ ਖਾਟ ਕਰਕੇ ।
ਕੀਤੇ ਬਿਨਾਂ ਸਤਸੰਗ ਨ ਬੋਧ ਹੋਵੇ, ਮੇਰੀ ਬਾਤ ਨੂੰ ਜਾਣ ਤੂੰ ਸਾਚ ਕਰਕੇ।
ਰਾਮ ਸੱਤ ਹੈ ਕੁੰਜੀ ਪਰ ਹੱਥ ਸੰਤਾਂ, ਕੁੰਜੀ ਪੁੱਛਲੈ ਸੰਤ ਕਾ ਦਾਸ ਬਣਕੇ ।
ਸੰਗਤ ਸੰਤ ਦੀ ਮਿਲੇਗਾ ਰੱਬ ਛੇਤੀ, ਜਲਦੀ ਪੁਰਸ਼ ਪਹੁੰਚੇ ਗੱਡੀ ਡਾਕ ਚੜ੍ਹਕੇ।
ਏਸੇ ਜਗਤ ਤੇ ਆਵਣਾ ਸਫਲ ਹੋਵੇ, ਕਰੀਂ ਰਾਮ ਦੇ ਨਾਮ ਦਾ ਪਾਠ ਪੜ੍ਹਕੇ ।
ਭਵਜਲ ਏਸ ਸੰਸਾਰ ਤੋਂ ਪਾਰ ਹੋਵੀਂ, ਤੁਲਾ ਰਾਮ ਦੇ ਨਾਮ ਦਾ ਹੱਥ ਫੜਕੇ ।
ਬੰਦੇ ਲਾਖ ਚੁਰਾਸੀਏ ਰਿਹਾ ਭੌਂਦਾ, ਥੱਕ ਗਿਆ ਹੈਂ ਏਤਨੀ ਵਾਟ ਕਰਕੇ ।
ਸਿਮਰ ਨਾਮ ਗੋਬਿੰਦ ਦਾ ਮੁਕਤ ਹੋਵੇ, ਮਰ ਜਾਏਂਗਾ ਜੂਨ ਦਾ ਤਾਪ ਚੜ੍ਹਕੇ।
ਮਾਣਸ-ਜਨਮ ਦੁਰਲੱਭ ਨ ਫੇਰ ਆਵੇ, ਹੁਣ ਮੂਰਖਾ ਗਿਰੇਂ ਅਕਾਸ਼ ਚੜ੍ਹਕੇ ।
ਵੇਲੜਾ ਬੀਤਿਆ ਹੱਥ ਨ ਆਵਣਾ ਏਂ, ਲੱਗੇ ਫੇਰ ਨ ਬ੍ਰਿਛ ਤੋਂ ਪਾਤ ਝੜਕੇ ।
ਲੇਖਾ ਦਿੰਦੜੇ ਰੋਣਗੇ ਡੋਲ੍ਹ ਹੰਝੂ, ਖਾਣ ਪੁਰਸ਼ ਜੋ ਜੀਵ ਜਾ ਘਾਤ ਕਰਕੇ।
ਗੁਨਾਹਗਾਰੀਆਂ ਪਾਪੀਆਂ ਬੰਦਿਆਂ ਦੀ, ਜਮ ਕੱਢਣੀ ਜਿੰਦ ਹਲਾਕ ਕਰਕੇ ।
ਸੋਈ ਪੈਣਗੇ ਹਾਥੀਆਂ ਦੋਜਕਾਂ ਮੇਂ, ਜਿਨ੍ਹਾਂ ਉਮਰ ਗੁਆਲੀ ਪਾਪ ਕਰਕੇ ।
ਪਾਪੀ ਪੁਰਸ਼ ਗੁਨਾਹਗਾਰ ਕਾਫ਼ਰਾਂ ਨੂੰ, ਕਿਹੜਾ ਲਊ ਛੁਡਾਇ ਸੁਫ਼ਾਤ ਭਰਕੇ।
ਅਮਲ ਨੇਕ ਬਦਨੇਕ ਤੇ ਖਰਾ ਖੋਟਾ, ਰੱਬ ਪਰਖਦਾ ਆਪ ਸਰਾਫ਼ ਬਣਕੇ ।
ਇਮਤਿਹਾਨ ਲੈਂਦਾ ਇਕ ਨਾ ਫ਼ੇਹਲ ਕਰਦਾ, ਇਕ ਨਾ ਭਿਸ਼ਤ ਪੁਚਾਂਵਦਾ ਪਾਸ ਕਰਕੇ ।
ਵਿੱਚ ਦੀਵੜੇ ਸੂਰਜ ਚੰਦ ਕੀਤੇ, ਪਾਇਆ ਕੋਠੜਾ ਧਰਤ-ਅਕਾਸ਼ ਕਰਕੇ ।
ਸਾਰੇ ਜੱਗ ਨੂੰ ਆਪ ਖਿਲਾਇ ਰਿਹਾ, ਦਾਈ-ਦਾਇਆ ਦੋ ਦਿਨ ਤੇ ਰਾਤ ਕਰਕੇ ।
ਬੰਦੇ ਸੁੱਖ ਜੇ ਭੋਗਣਾ ਲੋੜਦਾ ਹੈਂ, ਗਾਵੀਂ ਗੀਤ ਨੂੰ ਦਿਨ ਤੇ ਰਾਤ ਕਰਕੇ।
ਰਾਮ-ਨਾਮ ਖ਼ਰੀਦ ਲੈ ਬੰਦਿਆ ਓਏ, ਇਨ੍ਹਾਂ ਦਮਾਂ ਨੂੰ ਜਾਣ ਲੈ ਲਾਖ ਕਰਕੇ।
ਭਾਵੇਂ ਜੋੜ ਲੈ ਲਾਖ ਕਰੋੜ ਮਾਇਆ, ਖ਼ਾਲੀ ਜਾਵਣਾ ਹਿੱਕ ਤੇ ਹੱਥ ਕਰਕੇ ।
ਮਾਇਆ ਇਸਤ੍ਰੀ ਲੋਭ ਸੁਆਦ ਅੰਦਰ, ਜੱਗ ਮਰ ਗਿਆ ਦਿਨ ਤੇ ਰਾਤ ਖਪਕੇ।
ਮਾਇਆ ਛਲ ਮਦਾਰੀ ਦੀ ਖੇਡ ਵਾਂਗੂੰ, ਜੱਗ ਮੋਹ ਲਿਆ ਸੱਚ ਹੀ ਭਾਸ ਕਰਕੇ ।
ਮਿਸਲ ਰੁੱਖ ਦੂਰੋਂ ਅੰਦਰ ਧਾਨ ਦਿਸੇ, ਪੁਰਸ਼ ਆਂਵਦਾ ਫੁੱਲਾਂ ਦੀ ਆਸ ਕਰਕੇ।
ਫਲ ਫਿਕੇ ਨ ਆਂਵਦੇ ਕੰਮ ਪੁੱਤਰ, ਬੈਠ ਝੂਰਦਾ ਚਿੱਤ ਨਿਰਾਸ ਕਰਕੇ ।
ਲਾਲ ਟਾਕੀਆ ਰੰਗਣ ਰੰਗੀਆਂ ਨੂੰ, ਇਲ ਝਪਟ ਕੇ ਚੱਕਦੀ ਮਾਸ ਕਰਕੇ ।
ਹੋਈ ਮੂਲ ਨ ਦਿਲ ਦੀ ਚਾਹ ਪੂਰੀ, ਫੇਰ ਝੂਰ ਬੈਠੇ ਪਛਤਾਵ ਕਰਕੇ ।
ਬਣੂ ਅੰਤ ਨੂੰ ਰੋਵਣਾ ਦੇਵਾ ਸਿੰਘਾ, ਬਿਨ ਨਾਮ ਤੋਂ ਕਦੇ ਨ ਕਾਜ ਸਰਦੇ।