ਵਾਵਾ ਆਖਦਾ ਵਰਣ ਤੇ ਮਜ਼੍ਹਬ ਜਿੰਨੇ, ਕਹਿੰਦੇ ਅਸਾਂ ਜਿਹਾ ਕੋਈ ਪਾਕ ਨਾਹੀਂ।
ਹਿੰਦੂ ਆਖਦੇ ਹਰੀ ਨਾਰਾਇਣ ਜਾਣੇ, ਸੱਚਾ ਅਸਾਂ ਦੇ ਨਾਲ ਦਾ ਵਾਕ ਨਾਹੀਂ।
ਦੇਖੋ ਪਾਦਰੀ ਆਰੀਆ ਦਯਾ ਨੰਦੀ, ਕਹਿੰਦੇ ਅਸਾਂ ਦੇ ਬਿਨ੍ਹਾਂ ਨਜਾਤ ਨਾਹੀਂ।
ਮੁਸਲਮਾਨ ਜੇਕਰ ਬਹਿਸ਼ਤੀ ਹੋਣ ਦਾਖ਼ਲ, ਤਾਂ ਤੇ ਹਿੰਦੂਆਂ ਨੂੰ ਕੋਈ ਝਾਕ ਨਾਹੀਂ।
ਵੈਰ ਰੱਬ ਦਾ ਨਾਲ ਨਾ ਹਿੰਦੂਆਂ ਦੇ, ਨਾਲ ਮੁਸਲਮਾਨਾਂ ਮੁਲਾਕਾਤ ਨਾਹੀਂ।
ਦੀਨ-ਮਜ਼ਹਬ ਮਸੈਲ ਹੋ ਝਗੜਦੇ ਨੇ, ਬੁੱਝੀ ਕਿਸੇ ਨੇ ਗ਼ੈਬ ਦੀ ਬਾਤ ਨਾਹੀਂ।
ਨੇਕ ਅਮਲ ਬਾਝੋਂ ਗੰਦੇ ਗ਼ੈਰ ਖ਼ਾਲੀ, ਪੱਲੇ ਦੇਖੀਏ ਕਿਸੇ ਦੇ ਖ਼ਾਕ ਨਾਹੀਂ।
ਦਯਾ ਸਿੰਘ ਜਹਾਨ ਦੇ ਕੂੜ ਦਾਵ੍ਹੇ, ਬਿਨਾਂ ਅਮਲਾਂ ਤੋਂ ਪੁੱਛਣੀ ਜਾਤ ਨਾਹੀਂ ।