ਸਹੀਓ ਨੀ ਵਗਦੇ ਝਨਾਂ ਦੇ ਪਾਣੀ 

ਕੁੱਝ ਮਿਲਦੇ ਕੁਝ ਨਾਂਹ।

ਖੁਰ ਖੁਰ ਜਾਣ ਪਿਆਰਾਂ ਦੇ ਪੱਤਣ 

ਤੁਰ ਗਈ ਉਡੀਕਦੀ ਮਾਂ।

ਕਿਤ ਧਿਰ ਝੰਗ ਦੀਆਂ ਮਿੱਠੀਆਂ ਝੋਕਾਂ, 

ਉੱਚੀਆਂ ਖਜੂਰਾਂ ਦੀ ਥਾਂ।

ਕਿੱਥੇ ਨੇ ਟਾਹਣੀਆਂ ਪਿੱਪਲਾਂ ਦੇ ਆਂਗਣ 

ਕਿੱਥੇ ਨੇ ਉਹ ਮੱਝਾਂ ਤੇ ਗਾਂ।

ਤਾਰਿਆਂ ਦੇ ਉੱਚੇ ਦਰਵਾਜ਼ੇ 'ਤੇ ਝਿਮਝਿਮ, 

ਸੋਹਣੇ ਸੋਹਣੇ ਵੇਲਿਆਂ ਦੀ ਛਾਂ।

ਵੰਝਲੀ ਦੀ ਮਿਠੜੀ ਸੱਦ ਗਲ ਪੈਂਦੀ 

ਲੰਮੀਆਂ ਹਵਾਵਾਂ ਦੀ ਬਾਂਹ।

ਘੁੰਮ ਘੁੰਮ ਲਹਿਰਾਂ ਦੇ ਸੀਨੇ 'ਤੇ ਬਣਦੇ 

ਹੀਰ ਸਲੇਟੜੀ ਦੇ ਨਾਂ।

ਕਿਸੇ ਸਾਂਭੇ ਨੇ ਦਰਦ ਮੰਗੂ ਦੇ 

ਧਰਤੀ ਨੇ ਕੀਤੀ ਹਾਂ।

ਦੂਰ ਦੁਰਾਡੜੇ ਪੰਖੀ ਪਿਆ ਉਡਦਾ 

ਰੂਹ ਕੋਈ ਰਾਂਝਣ ਦੀ ਜਾਂ।

ਸੱਦ ਵੰਝਲੀ ਦੀ ਉਹੀਓ ਜੋ ਆਵੇ, 

ਹੀਰ ਨੇ ਵੀ ਆਉਣਾ ਤਾਂ।

📝 ਸੋਧ ਲਈ ਭੇਜੋ