ਯਾਰ ! ਚੱਲੀਏ ਵਲ ਝਨਾਂ ਵੋ 

ਛੱਡ ਚੱਲੀਏ ਸ਼ਹਿਰ-ਗਿਰਾਂ ਵੋ।

ਖਾਂ ਸੂਰਜ ਨੂੰ ਬੰਨ੍ਹੀਏਂ 

ਸੋਹਣਿਆ ਤੂਤਾਂ ਦੀ ਛਾਂ ਵੋ।

ਹੇਕ ਲਾ ਉੱਠੀਏ ਨਦੀ ਜਿਉਂ 

ਰੱਖੀਏ ਲਹਿਰਾਂ ਦੇ ਨਾਂ ਵੋ।

ਕੌਣ ਪਿਆ ਦੀਦ ਨੂੰ ਬਖ਼ਸ਼ਦਾ

ਕੌਣ ਹੈ ਐਡਾ ਜਵਾਂ ਵੋ ?

ਯਾਰ ਆਸਰਾ ਕਦੇ ਨਾਂਹ ਛੱਡੀਏ 

ਫੜ ਕੇ ਥਲਾਂ ਦੀ ਬਾਂਹ ਵੋ।

ਖ਼ੂਨ ਅਜਾਈਂ ਹੀ ਵਗਣ ਦੇ 

ਲੱਭੀਏ ਵਣਾਂ ਵਿਚ ਮਾਂ ਵੋ। 

ਵਸਲ ਦੀ ਖ਼ੂਨੀ ਅੱਖ ਕਰ 

ਥਲਾਂ ਨੂੰ ਕਰੀਏ ਰਵਾਂ ਵੋ।

ਪਾਪ-ਸੀਨੇ ਦਾਰ ਹੋ ਵੱਜੀਏ 

ਕਰੀਏ ਬਖ਼ਸ਼ਸ਼ ਦਾ ਵੱਡਾ ਨਾਂ ਵੋ। 

ਜ਼ਖ਼ਮੀ ਥਲਾਂ 'ਤੇ ਵੇਖੀਏ 

ਝੂੰਮਦਾ ਕਿਤੇ ਫਰਵਾਂ ਵੋ।

ਖੰਭਾਂ ਨੂੰ ਤੋੜ ਕੇ ਵੇਖੀਏ 

ਜੋ ਨਾਂਹ ਹੇਠਾਂ-ਉਤਾਂਹ ਵੋ। 

ਖਾਂ ਤੇਗ ਨੂੰ ਆਖੀਏ 

“ਨਜ਼ਰ ਦਰਵੇਸ਼ਾਂ ਦੀ ‘ਹਾਂ’ ਵੋ,”

ਕਿਸੇ ਦਰਿਆ ਦੇ ਵਹਿਣ ਨੂੰ 

ਨਾਰ ਲਟਕੰਦੜੀ ਜਾਂ ਵੋ

ਢੋਕਾਂ ਨੂੰ ਵਣਾਂ ਦਾ ਆਸਰਾ 

ਪੰਖੀ ਲਈ ਜੀਣਾ ਸੁਹਾਂ ਵੋ

📝 ਸੋਧ ਲਈ ਭੇਜੋ