ਤੇਰੇ ਨਾਵਾਂ ਦੀ ਵੰਡ ਚ, ਭਾਸ਼ਾਵਾਂ ਦੀ ਵੰਡ 'ਚ।
ਤੇਰੇ ਦਰ ਨੂੰ ਜੋ ਜਾਂਦੇ, ਉਹ ਰਾਹਵਾਂ ਦੀ ਵੰਡ 'ਚ।
ਤੈਨੂੰ ਆਪਣੀ ਜਾਗੀਰ ਜੋ, ਮੰਨੀ ਨੇ ਬੈਠੇ,
ਓਹਨਾ ਮਜ਼੍ਹਬਾਂ ਵਾਲਿਆਂ, ਕਾਵਾਂ ਦੀ ਵੰਡ 'ਚ।
ਇਹ ਪਸ਼ੂਆਂ ਦੀ ਵੰਡ ਚ, ਦਿਸ਼ਾਵਾਂ ਦੀ ਵੰਡ 'ਚ,
ਕਦੇ ਸੂਰਾਂ ਦੀ ਵੰਡ, ਕਦੇ ਗਾਵਾਂ ਦੀ ਵੰਡ 'ਚ।
ਕੁਝ ਚੰਗੇ ਤੇ ਮਾੜੇ, ਉਹ ਥਾਵਾਂ ਦੀ ਵੰਡ 'ਚ।
ਇਹ ਕੇਸਾਂ, ਇਹ ਗੰਜਾਂ, ਜਟਾਵਾਂ ਦੀ ਵੰਡ 'ਚ।
ਖੁਸ਼ੀਆਂ, ਗ਼ਮੀਆਂ, ਤੇ ਚਾਵਾਂ ਦੀ ਵੰਡ 'ਚ।
ਹਾਸੇ, ਹਉਂਕੇ ਤੇ ਹਾਵਾਂ ਦੀ ਵੰਡ 'ਚ।
ਇਹ ਸੋਚਾਂ ਦੀ ਵੰਡ ਚ, ਇਹ ਫੋਕਾਂ ਦੀ ਵੰਡ 'ਚ।
ਕੁਝ ਮੁਨਕਰ ਹੋਏ, ਨਿੱਤ ਧਿਆਵਾਂ ਦੀ ਵੰਡ 'ਚ।
ਪ੍ਰਸਾਦਾਂ ਦੀ ਵੰਡ ਹੈ, ਖਾਣੇ ਦੀ ਵੰਡ 'ਚ,
ਇਹ ਦੇਗਾਂ, ਹਲਾਲਾਂ, ਬਦਾਣੇ ਦੀ ਵੰਡ 'ਚ।
ਤੇਰੇ ਨਾਂ ਤੇ ਹੁੰਦੇ, ਮਨੁੱਖਤਾ ਤੇ ਹਮਲੇ,
ਇਹ ਧਰਮੀ ਤਾਂ ਹੈ ਨੀ, ਹੋਣੇ ਕੋਈ ਕਮਲੇ।
ਬੜੇ ਲਾਏ ਆਸਣ, ਵਿਛਾਇਆ ਮੁਸੱਲਾ।
ਨਾ ਰਾਮ ਪਧਾਰੇ, ਨਾ ਹੀ ਬਹੁੜਿਆ ਅੱਲਾ॥
ਕਦੇ ਭਾਗਾਂ ਨਾਲ ਮਿਲਿਆ, ਜੋ ਵੇਲਾ ਸੁਵੱਲ੍ਹਾ,
ਤੇਰੀ ਯਾਦ ਚ ਜੁੜ, ਜਦ ਬੈਠਾ ਮੈਂ 'ਕੱਲਾ
ਸਵਾਦ ਜੋ ਉਹ ਆਇਆ, ਉਹ ਹੈ ਸੀ ਅਵੱਲਾ
"ਮੰਡੇਰ" ਫੇਰ ਤੂੰ ਹੀ ਤੂੰ ਸੀ, ਨਾ ਰਾਮ ਨਾ ਅੱਲਾ॥