ਇਹ ਜੋ ਵੰਡ ਸੀ, 

ਕਿਹੜਾ ਕੋਈ ਖੰਡ ਸੀ

ਧਰਤ ’ਤੇ ਵਾਹੀ ਕੋਈ ਲੀਕ ਸੀ 

ਚਿੱਟੇ ਸਫ਼ਿਆਂ 'ਤੇ ਕਾਲੀ ਤਾਰੀਖ਼ ਸੀ 

ਕਿੰਨਾਂ ਕੁਝ ਪਿੰਡਿਆਂ 'ਤੇ ਝਰੀਟਿਆ ਗਿਆ 

ਕਿੰਨਾਂ ਕੁਝ ਦਿਲਾਂ 'ਤੇ ਉਲੀਕਿਆ ਗਿਆ 

ਕਿੰਨਾਂ ਕੁਝ ਉਮਰ ਭਰ ਰਿਸਦਾ ਰਿਹਾ 

ਕਿੰਨਾ ਕੁਝ ਉਮਰ ਭਰ ਕਿਰਦਾ ਰਿਹਾ 

ਅਕਲੋਂ ਹੀਣਿਆਂ ਦਾ ਘਮੰਡ ਸੀ

ਜਾਂ ਪਿਛਲੇ ਕਰਮਾਂ ਦਾ ਦੰਡ ਸੀ

ਇਹ ਜੋ ਵੰਡ ਸੀ 

ਕਿਹੜਾ ਕੋਈ ਖੰਡ ਸੀ

ਕਿਸੇ ਦਾ ਖੁੱਸਿਆ ਬਾਲ ਸੀ

ਕਿਸੇ ਵਿਛਾਇਆ ਜਾਲ ਸੀ

ਕੋਈ ਖੋਹ ਰਿਹਾ ਸੀ ਗਹਿਣੇ ਗੱਟੇ

ਕੋਈ ਖੋਲ੍ਹ ਰਿਹਾ ਸੀ ਵੱਛੇ-ਕੱਟੇ

ਭਾਵੇਂ ਵੱਢਿਆ ਹਿੰਦੂ, ਸਿੱਖ ਜਾਂ ਮੁਸਲਮਾਨ ਸੀ 

ਜ਼ਮੀਨ ਤੇ ਡੁੱਲ੍ਹੇ ਖੂਨ ਦਾ ਰੰਗ ਤਾਂ ਬਸ ਲਾਲ ਸੀ 

ਕਿਸੇ ਸਾਂਝਾਂ ਵਾਲੀ ਬੰਨ੍ਹੀ ਪੰਡ ਸੀ

ਕਿਸੇ ਆਪਣੇ ਵਿਖਾਈ ਕੰਡ ਸੀ 

ਇਹ ਜੋ ਵੰਡ ਸੀ

ਕਿਹੜਾ ਕੋਈ ਖੰਡ ਸੀ

ਕਿੰਨਿਆਂ ਨੇ ਜ਼ਮੀਰਾਂ ਵੇਚ 'ਤੀਆਂ 

ਕਿੰਨਿਆਂ ਨੇ ਰੋਟੀਆਂ ਸੇਕ ਲਈਆਂ 

ਕਿੰਨੇ ਜੁੱਸੇ ਲਹੂਲੁਹਾਨ ਹੋਏ

ਕਿੰਨੇ ਘਰ ਸ਼ਮਸ਼ਾਨ ਹੋਏ

ਮਨੁੱਖ ਅੰਦਰੋਂ ਮਨੁੱਖਤਾ ਦਾ ਹੋਇਆ ਘਾਣ ਸੀ 

ਕਿੰਨੀਆਂ ਤ੍ਰੀਮਤਾਂ ਦਾ ਹੋਇਆ ਅਪਮਾਨ ਸੀ 

ਧਰਤ ਮਾਂ ਦਾ ਹਿਰਦਾ ਹੋਇਆ ਖੰਡ ਖੰਡ ਸੀ 

ਧਰਮ ਦੇ ਨਾਂ ਤੇ ਅੱਜ ਉਸਦੀ ਹੋਈ ਵੰਡ ਸੀ

ਇਹ ਜੋ ਵੰਡ ਸੀ 

ਕਿਹੜਾ ਕੋਈ ਖੰਡ ਸੀ

📝 ਸੋਧ ਲਈ ਭੇਜੋ