ਵਾਂਗ ਸੱਸੀ ਦੇ ਕਦ ਤੱਕ

ਵਾਂਗ ਸੱਸੀ ਦੇ ਕਦ ਤੱਕ ਤੱਤੀ ਰਾਹ ਸੱਜਣਾਂ ਦਾ ਤੱਕਾਂ

ਉਡਦੀਆਂ ਧੂੜਾਂ ਪਾ ਵਿਚ ਜ਼ੁਲਫ਼ਾਂ ਤੱਤੀਆਂ ਰੇਤਾਂ ਫੱਕਾਂ

ਯਾਰੀ ਲਾਉਣੀ ਹੋਵੇ ਸੌਖੀ ਔਖੀ ਬਹੁਤ ਨਿਭਾਣੀ,

ਪੰਡ ਮੁਹੱਬਤ ਦੀ ਚੁੱਕ ਲੈਨਾਂ ਚੁੱਕ ਕੇ ਟੁਰ ਨਾ ਸੱਕਾਂ

ਤੇਰੇ ਨਾਜ਼ ਨਿਆਜ਼ਾਂ ਦੇ ਮੈਂ ਭੇਤ ਭਲੇ ਪਿਆ ਭੰਨਾਂ,

ਸੌ ਬਲ ਛਲ ਪਿਆ ਕਰੇ ਜ਼ਮਾਨਾ ਮੈਂ ਆਪਣੀ ਥਾਂ ਪੱਕਾਂ

ਗਲੀ ਗਲੀ ਵਿਚ ਫਿਰਦੀ ਦਿੱਸੇ ਅੰਨ੍ਹੀ ਧੂਆਂ ਰੌਲੀ,

ਦੁੱਖ ਦੇ ਭਾਂਬੜ ਬਲਦੇ ਦਿੱਸਣ ਜਿਹੜੇ ਵਿਹੜੇ ਤੱਕਾਂ

ਨਾਲ ਪਿਆਰ ਪਿਆ ਟਕਰਾਵੇ ਜ਼ੁਲਮ ਦਾ ਉਹ ਆਵਾਜ਼ਾ,

ਕੋਹਸ਼ਿਕਨ ਨੂੰ ਸ਼ੀਰੀਂ ਬਾਝੋਂ ਜਿਸ ਪਾਇਆ ਵਿਚ ਸ਼ੱਕਾਂ

ਖੂਹ ਵਿਰਾਗਾਂ ਦਾ ਨਿੱਤ ਜੋੜਾਂ ਦੋ ਨੈਣਾਂ ਦੀ ਜੋਗੇ,

ਪਿਆਰ ਦੀ ਪੈਲੀ ਬੀਜਣ ਲੱਗਾ ਨਾ ਅੱਕਾਂ ਨਾ ਥੱਕਾਂ

ਸਾਰੇ ਦਿਲ ਜ਼ਖ਼ਮੀ ਜਦ ਵਿਹਣਾ ਨਾਲੇ ਦੀਦੇ ਗਿੱਲੇ,

ਆਪਣੇ ਦੁੱਖਾਂ ਦਰਦਾਂ ਦੇ ਮੈਂ ਨਾਂ ਲੈਦਾ ਪਿਆ ਝੱਕਾਂ

ਕੋਈ ਨਹਿਰ ਨਾ ਵਗਦੀ ਦਿੱਸੇ ਨਾ ਕੋਈ ਬਾਰੀ ਖੁੱਲ੍ਹੀ,

ਦੁੱਖ ਗ਼ਮਾਂ ਦੇ ਪਰਬਤ ਤੋਂ ਜਾਂ ਕਿਧਰੇ ਮਾਰ ਧਰੱਕਾਂ

'ਸ਼ਾਕਿਰ' ਮੇਰੇ ਬੇਵਸ ਦੀਦੇ ਭੇਤ ਪਏ ਦਿਲ ਦਾ ਭੰਨਣ,

ਕੀਕਣ ਤੱਤੀਆਂ ਹਾਵਾਂ ਰੋਕਾਂ ਠੰਡੇ ਹੌਕੇ ਡੱਕਾਂ

📝 ਸੋਧ ਲਈ ਭੇਜੋ