ਮੈਂ ਤਾਂ ਹੁਣ ਤਕ ਸਮਝਦਾ ਸਾਂ,
ਤੂੰ ਮੇਰੀ ਵਾਕਫ਼ ਤੋਂ ਵਧ ਕੇ ਕੁਝ ਨਹੀਂ !
ਐਵੇਂ ਦਿਲ ਪਰਚਾਣ ਲਈ
ਸਰਦ ਸ਼ਾਮਾਂ 'ਚੋਂ ਕਦੀ
ਨਿੱਘੇ ਨਿੱਘੇ ਪਲ ਚੁਰਾ ਲੈਂਦੇ ਰਹੇ।
ਲਾਲਸਾ ਜਿਸਮਾਂ ਦੀ ਸੀ
ਜਾਂ ਵਿਹਲ ਦੀ ਤਲਖ਼ੀ ਘਟਾ ਲੈਂਦੇ ਰਹੇ।
ਆਪਣੀ ਇਹ ਵਾਕਫ਼ੀ ਮੇਰੇ ਲਈ,
ਸੱਜਰਾ ਫੁੱਲ ਕੋਟ ਦੇ ਕਾਲਰ ਤੇ ਜਿੱਕਣ ਟੰਗਿਆ,
ਆਪਣੀ ਇਹ ਵਾਕਫ਼ੀ ਤੇਰੇ ਲਈ,
ਜਿਸ ਤਰ੍ਹਾਂ ਵਾਲਾਂ ਦੀ ਇਕ ਬਣਤਰ ਨਵੀਂ।
ਇਸ ਤੋਂ ਵਧ ਕੇ ਕੁਝ ਕਦੀ ਚਾਹਿਆ ਨਹੀਂ
ਨਾ ਕੋਈ ਰੂਹਾਂ ਦਾ ਨਾਤਾ
ਨਾ ਕੋਈ ਉਮਰਾਂ ਦੀ ਸਾਂਝ।
ਖ਼ੁਦ ਵਫ਼ਾ ਨੂੰ ਪਾਲਿਆ ਨਹੀਂ,
ਤੇਰੇ ਅੱਗੇ ਵੀ ਵਫ਼ਾ ਦਾ ਵਾਸਤਾ ਪਾਇਆ ਨਹੀਂ।
ਆਪਣੀ ਇਹ ਵਾਕਫ਼ੀ
ਜਾਣੋ ਬੱਸ ਦਾ ਸਫ਼ਰ ਸੀ।
ਅੱਜ ਤੇਰੇ ਨਾਲ ਕੋਈ ਹੋਰ ਵਾਕਫ਼ ਦੇਖਿਆ,
ਦੇਖਿਆ ਅੱਜ ਤੇਰਿਆਂ ਵਾਲਾਂ ਦੀ ਬਣਤਰ ਹੋਰ ਸੀ।
ਇਸ ਤਰ੍ਹਾਂ ਹੁੰਦਾ ਨਹੀਂ ਕੋਈ ਉਦਾਸ,
ਕੋਟ ਦੇ ਕਾਲਰ ਦਾ ਫੁਲ ਮੁਰਝਾਣ ਤੇ,
ਜਾਪਦਾ ਹੈ ਜਿਸ ਤਰ੍ਹਾਂ
ਜਿੰਦੜੀ ਸਾਰੀ ਦੀ ਸਾਰੀ ਹੋ ਗਈ ਹੈ ਸੱਖਣੀ।
ਮੈਂ ਤਾਂ ਹੁਣ ਤੱਕ ਸਮਝਦਾ ਸਾਂ
ਤੂੰ ਮੇਰੀ ਵਾਕਫ਼ ਤੋਂ ਵਧ ਕੇ ਕੁਝ ਨਹੀਂ।