ਵਾਰਿਸ ਸ਼ਾਹ ਕੋਲ ਇਕ ਫ਼ਰਿਆਦ

ਉੱਜੜ ਗਿਆ ਝਨਾਂ ਦਾ, ਉਹ ਮੁਲਕ ਪੁਰਾਣਾ 

ਤੇਰੀ ਤਬਾ ਦੇ ਰੰਗ ਦਾ, ਗਿਆ ਬਾਗ਼ ਸੁਹਾਣਾ 

ਵੰਝਲੀ ਵਾਲਾ ਰਾਂਝਣਾ, ਪਿਆ ਰੱਤ-ਰੱਤਾਣਾ 

ਡੂੰਘੀ ਸੰਞ ਝਨਾਂ ਦਾ, ਗਿਆ ਗੁਜ਼ਰ ਜ਼ਮਾਨਾ॥੧॥ 

ਲੰਮੇ ਪੈਂਡੇ ਮੌਤ ਦੇ, ਸੈ ਦੋਜ਼ਖ਼ ਛਾਵਾਂ 

ਤੁਰ ਤੁਰ ਗਈਆਂ ਛੱਡ ਕੇ, ਸਰ ਰਹਿਮ ਦੇ ਮਾਵਾਂ 

ਲੱਥੀਆਂ ਪੀਲੇ ਪੱਤਰਾਂ, ਤੇ ਅਰਸ਼ੀ ਵਾਵਾਂ 

ਇਹ ਨਿੱਕੀ ਅਰਜ਼ ਫ਼ਕੀਰ ਦੀ, ਫੜ ਲੈ ਬਾਹਵਾਂ ॥੨॥

ਡੁੱਬਿਆ ਬੁੱਤ ਝਨਾਂ ਦਾ, ਵਿਚ ਡੂੰਘੇ ਵਹਿਣਾਂ 

ਜੋ ਤੇਗਾਂ ਦੇ ਅੰਗ ਲੱਗਿਆ, ਮੱਚ ਸ਼ੇਰ ਦੇ ਨੈਣਾਂ 

ਜੋ ਨਾਗਾਂ ਦੇ ਸਾਹ ਪੀਂਵਦਾ, ਝੁੱਲ ਕੱਪਰ ਰੈਣਾਂ 

ਉਹ ਰੁਲਿਆ ਬੁੱਤ ਪੰਜਾਬ ਦਾ, ਵਿਚ ਡੂੰਘੇ ਵੈਣਾਂ 

ਲੰਮੇ ਪੈਂਡੇ ਸੰਞ ਦੇ, ਹਾਇ ਦਰਦਾਂ ਪੈਣਾ 

ਅੰਗ ਗੁਲਾਬਾਂ ਲੱਗ ਕੇ, ਵਿਸੁ ਹੁਸਨ ਦੀ ਸੈਣਾ॥੩॥ 

ਡੂੰਘੇ ਪੈਂਡੇ ਛਿਪ ਗਿਆ, ਬੁੱਤ ਹੀਰ ਦਾ ਲੰਮਾ 

ਭੁੱਲਿਆ ਦੀਦ ਝਨਾਂ ਦਾ, ਵਿਚ ਉਮਰ ਦੇ ਕੰਮਾਂ

ਛੱਡਿਆ ਕਾਲੇ ਹਰਨ ਨੇ, ਪੰਜਾਬ ਦਾ ਬੰਨਾ 

ਟੂਣੇਹਾਰ ਝਨਾਂ ਦੀਆਂ, ਨਾਂਹ ਦਿੱਸਣ ਰੰਨਾਂ॥੪॥

ਰੋਲਿਆ ਹੀਰ ਦੇ ਬੁੱਤ ਨੂੰ, ਅਸਾਂ ਕੋਲ ਝਨਾਵਾਂ 

ਅਰਜ਼ ਦੇ ਪਾਣੀ ਵੱਗਦੇ, ਰਹੇ ਸ਼ਹੁ ਦਰਿਆਵਾਂ 

ਇਕ ਮੰਨੀ ਪਾਣੀਆਂ, ਦੀ ਅਰਜ਼ ਭਰਾਵਾਂ 

ਅਸੀਂ ਚਿਣੀਆਂ ਨੀਂਹਾਂ ਅੰਦਰਾਂ, ਮਾਸੂਮ ਅਦਾਵਾਂ 

ਅਸੀਂ ਤੇਗਾਂ ਛਾਵੇਂ ਤੋੜੀਆਂ, ਵੱਡ ਬਲੀ ਭੁਜਾਵਾਂ 

ਨੇੜੇ ਖ਼ੂਨ ਦੇ ਵੇਖਿਆ, ਤਾਂ ਦਿਸੀਆਂ ਮਾਵਾਂ॥੫॥

ਕਿੱਥੇ ਗਏ ਝਨਾਂ ਦੇ, ਉਹ ਸਾਂਵਰ ਬੇਟੇ

ਛਾਤੀਏਂ ਜਿਨ੍ਹਾਂ ਦੀ ਖ਼ੂਨ ਦੇ, ਕਈ ਸਾਗਰ ਲੇਟੇ, 

ਸ਼ੇਰ ਦੀ ਜ਼ਹਿਰੀ ਅੱਖ ਨੇ, ਜੋ ਨਾਗ ਲਪੇਟੇ 

ਉਹ ਹੁਸਨਾਂ ਦੇ ਦਰ ਚੁੰਮ੍ਹਦੇ, ਬਣ ਵਾਣ ਅਮੇਟੇ 

ਵੰਝਲੀ ਦੀ ਸ਼ਾਹ ਰਗ ਚੋਂ, ਖਾ ਕੇ ਪਲਸੇਟੇ 

ਕਿੱਥੇ ਗਏ ਝਨਾਂ ਦੇ, ਉਹ ਸਾਂਵਰ ਬੇਟੇ॥੬॥

📝 ਸੋਧ ਲਈ ਭੇਜੋ