ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸਨ ਹੋਈ,
ਮੈਨੂੰ ਦਿਸਦਾ ਪਿਆ ਸਹੇਲੀਓ, ਅੱਜ ਮੁੜ ਮੁੜ ਕੋਈ।
ਮੈਂ ਉੱਠੀ ਫ਼ਜਰ ਦੀ ਭੇਹਰ ਸੁਣ
ਤਨ ਲੱਗੀਆਂ ਭੂਰਾਂ,
ਮੈਨੂੰ ਸਾਰ ਨ ਸਿਖਰ ਦੁਪਹਿਰ ਦੀ
ਵਿਚ ਹੁੱਲਿਆਂ ਬੂਰਾਂ,
ਜਦ ਜੋਬਨ ਪਿਆ ਸਹੇਲੀਓ, ਵਿਚ ਨਦੀਆਂ ਮੋਈ—
ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸਨ ਹੋਈ।
ਸੀ ਚੰਨ ਈਦ ਦਾ ਸਿਖਰ 'ਤੇ
ਮੈਂ ਖੜੀ ਬਨੇਰੇ,
ਕਿਤੋਂ ਸੱਦ ਟੱਲੀਆਂ ਦੀ ਸੁਣੀਂਦੀ
ਮੇਰੇ ਬਾਬਲ ਵਿਹੜੇ,
ਮੈਂ ਤੱਕ ਕੇ ਸੰਘਣੀ ਛਾਂ ਨੂੰ, ਭਰ ਅੱਖੀਆਂ ਰੋਈ-
ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ।
ਮੇਰੀ ਕੂਕੀ ਜਾਨ ਦੁਪਹਿਰ ਨੂੰ
ਵਿਚ ਸੰਘਣੇ ਰੁੱਖਾਂ,
ਮੇਰੇ ਕੇਸ ਸੁਹਾਂਦੇ ਚਿਰਾਂ ਦੇ
ਵਿਚ ਪੈ ਗਏ ਦੁੱਖਾਂ,
ਮੇਰਾ ਪੁੱਛਦੀ ਹਾਲ ਸਹੇਲੀਓ, ਅੱਜ ਕੂੰਜ ਨ ਕੋਈ—
ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸਨ ਹੋਈ।
ਕਿਤੋਂ ਮਿਲਣ ਲਈ ਅੱਜ ਬੈਠੀਆਂ
ਪੱਤਣਾਂ ਤੇ ਰੂਹਾਂ,
ਮੈਨੂੰ ਦੂਜੀ ਵਾਰ ਨ ਦਿਸਣੀਆਂ
ਇਹ ਸੋਹਣੀਆਂ ਜੂਹਾਂ,
ਸਿਰ ਉੱਡਦੇ ਬਾਜ਼ ਨੂੰ ਵੇਖ ਕੇ, ਹੱਸ ਕੂੰਜ ਖਲੋਈ-
ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ।
ਮੈਨੂੰ ਸ਼ਹੁ ਦਰਿਆਵਾਂ ਘੇਰਿਆ
ਮੈਂ ਗਈ ਸੰਞਾਣੀ,
ਮੈਨੂੰ ਬੇਲਿਆਂ ਫੜ ਫੜ ਰੱਖਿਆ
ਮੈਂ ਪੌਣ ਅੰਞਾਣੀ,
ਘੁੰਡ ਓਹਲੇ ਅਸਾਂ ਸਹੇਲੀਓ, ਕੋਈ ਨਜ਼ਰ ਲੁਕੋਈ—
ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ।
ਮੇਰੀ ਵੀਣੀ 'ਤੇ ਆ ਘੁੰਮਿਆ
ਰੋਹ ਚਰਖ਼ ਦਾ ਸਾਰਾ,
ਮੈਨੂੰ ਝੱਖੜਾਂ ਦੇ ਵਿਚ ਸੁਣੀਂਦਾ
ਕੋਈ ਬੋਲ ਪਿਆਰਾ,
ਚੰਨ ਚੜ੍ਹੇ ਤੇ ਰੁੱਤਾਂ ਲੰਘੀਆਂ, ਮੇਰੀ ਬਾਤ ਹੈ ਸੋਈ—
ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ।
ਮੈਂ ਪਹਿਲੀ ਵਾਰ ਜਾਂ ਦੇਖੀਆਂ
ਅੰਬਾਂ ਦੀਆਂ ਡਾਰਾਂ,
ਮੈਨੂੰ ਸੱਦਿਆ ਕਿਸੇ ਫ਼ਕੀਰ ਨੇ
ਵਲ ਸਾਂਦਲ ਬਾਰਾਂ,
ਮੈਂ ਗੰਢ ਹਵਾ ਦੀ ਮਾਰ ਲਈ, ਗੁੱਟ ਬੰਨ੍ਹ ਖ਼ੁਸ਼ਬੋਈ—
ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ।
ਲੱਖਾਂ ਲਸ਼ਕਰ ਲੰਘ ਗਏ
ਕਰ ਜ਼ੋਰ ਧਿੰਗਾਣੇ,
ਸਈਓ ਓਸ ਫ਼ਕੀਰ ਦੀ
ਕੋਈ ਜ਼ਾਤ ਨ ਜਾਣੇ,
ਕਦੇ ਕਬਰਾਂ ਦੇ ਵਿਚ ਰੁਲੇਗੀ, ਮੇਰੀ ਜਾਨ ਨਿਰੋਈ—
ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸਨ ਹੋਈ।
ਖ਼ਾਨਗਾਹਾਂ ਤੇ ਸੰਞ ਨੂੰ
ਇਕ ਲੱਗਿਆ ਮੇਲਾ,
ਧੂੜਾਂ ਦੇ ਨਾਲ ਲੱਦਿਆ
ਮੇਰੇ ਝੰਗ ਦਾ ਬੇਲਾ,
ਸਾਵਨ ਹੁੱਲਿਆ! ਸੌਂ ਗਈ, ਮੈਂ ਕਰ ਅਰਜ਼ੋਈ—
ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ।
ਮੈਨੂੰ ਦਿਸਦਾ ਪਿਆ ਸਹੇਲੀਓ, ਅੱਜ ਮੁੜ ਮੁੜ ਕੋਈ।