ਯਾਰ ਦੀ ਮੜ੍ਹੀ 'ਤੇ

ਰੋਜ਼ ਪਲਕਾਂ ਮੁੰਦ ਕੇ ਮੇਰੇ ਹਾਣੀਆਂ,

ਝੱਲੀਆਂ ਤੇਰੀ ਯਾਦ ਨੂੰ ਮੈਂ ਚੌਰੀਆਂ

ਪੈ ਗਈਆਂ ਮੇਰੀ ਨੀਝ ਦੇ ਹੱਥ ਚੰਡੀਆਂ,

ਬਣ ਗਈਆਂ ਹੰਝੂਆਂ ਦੇ ਪੈਰੀਂ ਭੌਰੀਆਂ

ਰੋਜ਼ ਦਿਲ ਦੀਆਂ ਧੜਕਣਾਂ ਮੈਂ ਪੀਠੀਆਂ,

ਲੈ ਗ਼ਮਾਂ ਦੀਆਂ ਸ਼ਿੰਗਰਫ਼ੀ ਲੱਖ ਦੌਰੀਆਂ

ਕੂਚਦੀ ਮਰ ਗਈ ਹਿਜਰ ਦੀਆਂ ਅੱਡੀਆਂ,

ਪਰ ਨਾ ਗਈਆਂ ਇਹ ਬਿਆਈਆਂ ਖ਼ੌਹਰੀਆਂ

ਨਾਂ ਲਿਆਂ ਤੇਰਾ ਵੇ ਮੋਏ ਮਿੱਤਰਾ,

ਦਿਲ ਮੇਰਾ ਕੁਝ ਇਸ ਤਰ੍ਹਾਂ ਅੱਜ ਮੌਲਦੈ

ਜਿਸ ਤਰ੍ਹਾਂ ਪਰਭਾਤ ਵੇਲੇ ਚਾਨਣੀ,

ਵੇਖ ਕੇ ਗੁੱਲ੍ਹਰ ਦਾ ਫੁੱਲ ਅੱਖ ਖੋਲ੍ਹਦੈ

ਜਿਸ ਤਰ੍ਹਾਂ ਖੰਡਰਾਂ 'ਚੋਂ ਲੰਘਦੀ ਹੈ ਹਵਾ,

ਜਿਸ ਤਰ੍ਹਾਂ ਗੁੰਬਦ 'ਚ ਕੋਈ ਬੋਲਦੈ

ਜਿਸ ਤਰ੍ਹਾਂ ਕਿ ਸਾਉਣ ਦੀ ਪਹਿਲੀ ਘਟਾ,

ਵੇਖ ਕੇ ਬਗਲਾ ਪਰਾਂ ਨੂੰ ਤੋਲਦੈ

ਇਸ ਕਦਰ ਹੈ ਖ਼ੂਬਸੂਰਤ ਗ਼ਮ ਤੇਰਾ,

ਜਿਸ ਤਰ੍ਹਾਂ ਕਿ ਕੰਵਲ-ਪੱਤਿਆਂ 'ਤੇ ਤ੍ਰੇਲ

ਨ੍ਹਾਉਣ ਜਿਉਂ ਵਗਦੀ ਨਦੀ ਵਿਚ ਗੋਰੀਆਂ,

ਮਰਮਰ ਦੇਹੀਆਂ ਨੂੰ ਮਲ ਸੰਦਲ ਦਾ ਤੇਲ

ਪੂਰੇ ਚੰਨ ਦੀ ਚਾਨਣੀ ਥਲ ਦਾ ਸਫ਼ਰ,

ਡਾਚੀਆਂ ਦੇ ਗਲ ਜਿਵੇਂ ਛਣਕੇ ਹਮੇਲ

ਬਦਲੀਆਂ ਨੂੰ ਅੱਗ ਲੱਗ ਜਾਏ ਜਿਵੇਂ,

ਹੋ ਜਾਏ ਪੀਲਾ ਜਿਹਾ ਸਾਰਾ ਦੁਮੇਲ

ਅੱਜ ਮੈਂ ਤੇਰੀ ਮੜ੍ਹੀ 'ਤੇ ਹਾਣੀਆਂ,

ਪੂਰਾ ਕੋਤਰ-ਸੌ ਸੀ ਦੀਵਾ ਬਾਲਿਆ

ਪਰ ਵੇਖ ਲੈ ਹੁਣ ਤੀਕ ਬਸ ਇਕੋ ਬਲੇ,

ਬਾਕੀਆਂ ਨੂੰ ਹੈ ਹਵਾਵਾਂ ਖਾ ਲਿਆ

ਓਸ ਦੀ ਵੀ ਲਾਟ ਕੰਬਦੀ ਹੈ ਪਈ,

ਡਰਦਿਆਂ ਮੈਂ ਹੈ ਮੜ੍ਹੀ ਤੋਂ ਚਾ ਲਿਆ

ਵੇਲ਼ ਲੈ ਇਹ ਵੀ ਵਿਚਾਰਾ ਬੁਝ ਗਿਆ,

ਦੋਸ਼ ਕੀਹ ਕਿਸਮਤ ਦਾ ਕਰਮਾਂ ਵਾਲਿਆ

ਉਮਰ ਦੀ ਗੋਜੀ ਨੂੰ ਖਪਰਾ ਸਮੇਂ ਦਾ,

ਗ਼ਮ ਨਹੀਂ ਜੇ ਖਾ ਰਿਹੈ ਮੇਰੇ ਹਾਣੀਆ

ਗ਼ਮ ਨਹੀਂ ਸਣੇ ਬਾਦਬਾਂ ਤੇ ਬੇੜੀਆਂ,

ਰੁੜ੍ਹਦਾ ਪੱਤਣ ਜਾ ਰਿਹੈ ਮੇਰੇ ਹਾਣੀਆ

ਗ਼ਮ ਨਹੀਂ ਜੇਕਰ ਉਮੀਦਾਂ ਦਾ ਮਖੀਰ,

ਬਣਦਾ ਤੁੱਮਾ ਜਾ ਰਿਹੈ ਮੇਰੇ ਹਾਣੀਆ

ਠੀਕ ਹੈ ਕੱਲਰ ਹੈ ਤੇਰੇ ਬਾਝ ਦਿਲ,

ਪਰ ਮੈਂ ਪੀੜਾਂ ਦੇ ਕਿਉਂ ਪਾਲਾਂ ਸ਼ੇਸ਼ ਨਾਗ

ਕਿਸ ਲਈ ਫ਼ਿਕਰਾਂ ਦਾ ਫੱਕਾਂ ਸੰਖੀਆ,

ਕਿਸ ਲਈ ਨੈਣਾਂ ਨੂੰ ਲਾਂ ਹੰਝੂਆਂ ਦੀ ਜਾਗ

ਕਿਸ ਲਈ ਮੈਂ ਕੇਸ ਕਾਲੇ ਪੰਡ ਕੁ,

ਖੋਹਲ ਕੇ ਦੱਸਦੀ ਫਿਰਾਂ ਰੁਲਿਆ ਸੁਹਾਗ

ਸੁਹਣਿਆ ! ਮੈਨੂੰ ਸੱਲ ਹੈ ਤੇਰੇ ਮੇਲ ਦਾ,

ਪਰ ਨਹੀਂ ਤੇਰੀ ਮੌਤ ਦਾ ਸੀਨੇ 'ਚ ਦਾਗ਼

ਹੈ ਗਿਲਾ ਮੈਨੂੰ ਤਾਂ ਬਸ ਇਹੋ ਹੀ ਹੈ,

ਮਰ ਗਿਆਂ ਦੀ ਯਾਦ ਕਿਉਂ ਮਰਦੀ ਨਹੀਂ

ਆਸ ਪੰਜ-ਫੂਲੀ ਦਾ ਜ਼ਹਿਰੀ ਬੂਟੜਾ,

ਸੋਚ ਦੀ ਹਿਰਨੀ ਕੋਈ ਚਰਦੀ ਨਹੀਂ

ਕਿਉਂ ਕੋਈ ਤਿਤਲੀ ਲੈ ਫੁੱਲਾਂ ਦੀ ਕਟਾਰ,

ਮਾਲੀਆਂ ਦੇ ਦਿਲ ਜ਼ਬ੍ਹਾ ਕਰਦੀ ਨਹੀਂ

ਕਿਉਂ ਹਿਜਰ ਦੇ ਆਜੜੀ ਦੀ ਬੰਸਰੀ,

ਗੀਤ ਖ਼ੁਸ਼ੀਆਂ ਦਾ ਕੋਈ ਝਰਦੀ ਨਹੀਂ

📝 ਸੋਧ ਲਈ ਭੇਜੋ