ਉਹ ਸਿਰ ਜੋ ਤੁਸੀਂ ਵੱਢਣ ਆਏ ਹੋ 

ਅਜੇ ਨਹੀਂ ਬਣਿਆ 

ਅੱਗ ਮੱਠੀ ਹੈ ਬਹੁਤ

ਪੱਕਣ ਨੂੰ ਵਕਤ ਲੱਗੇਗਾ

ਤੁਸੀਂ ਬੇਸ਼ਕ ਜਾਓ

ਆਪਣੇ ਹਥਿਆਰ ਰਤਾ ਹੋਰ ਤਿੱਖੇ ਕਰ ਆਓ 

ਵਰਤਣ ਵਿਚ ਰਤਾ ਕੁ ਦੇਰ ਹੋ ਜਾਏ 

ਤਾਂ ਵਿਚਾਰੇ ਖੁੰਢੇ ਹੋ ਜਾਂਦੇ ਨੇ 

ਨਾਲੇ ਤੁਹਾਡੇ ਹਿੱਸੇ ਦਾ ਦਾਰੂ ਵੀ ਤਾਂ 

ਅਜੇ ਬਹੁਤ ਬਚਿਆ ਹੈ 

ਜਾਓ ਕੁਝ ਹੋਰ ਪੀ ਆਓ 

ਦਾਰੂ ਲਥ ਜਾਏ ਤਾਂ

ਤੁਸੀਂ ਕਾਸੇ ਜੋਗੇ ਨਹੀਂ ਰਹਿੰਦੇ

ਔਹ ਜੋ ਸੜਕ ਤੋਂ ਰਤਾ ਕੁ ਪਰਾਂ 

ਬੈਠ ਗਏ ਨੇ ਅੱਗ ਜੇਹੀ ਬਾਲ ਕੇ 

ਇਹ ਤਾਂ ਇਕ ਉਮਰ ਉਡੀਕ ਸਕਦੇ ਨੇ 

ਆਪਣੇ ਨਾਂ ਦੀ ਆਵਾਜ਼ ਨੂੰ 

ਇਹ ਕੋਈ ਸਾਜ਼ਸ਼ੀ ਨਹੀਂ 

ਇਹਨਾਂ ਤੋਂ ਤੁਹਾਡੀ ਸਲਤਨਤ ਨੂੰ 

ਕੋਈ ਖ਼ਤਰਾ ਨਹੀਂ 

ਜੇ ਇਹਨਾਂ ਤੁਹਾਨੂੰ ਗੌਲਿਆ ਨਹੀਂ 

ਤਾਂ ਛਿੱਥੇ ਨਾ ਪਵੋ 

ਇਨ੍ਹਾਂ ਪਾਸ ਅੱਖਾਂ ਨਹੀਂ

ਸਿਰਫ਼ ਕੰਨ ਨੇ

ਜੋ ਰਾਖਵੇਂ ਨੇ ਆਪਣੇ ਨਾਂ ਦੀ ਆਵਾਜ਼ ਸੁਣਨ ਲਈ 

ਜਦੋਂ ਜਿਨ੍ਹਾਂ ਨੂੰ ਚੁਬਾਰੇ ਤੋਂ ਆਵਾਜ਼ ਆਏਗੀ 

ਤੁਰ ਜਾਣਗੇ ਕਿਰਨਮਕਿਰਨੀ

ਪਰ ਤੁਸੀਂ ਆਵਾਜ਼ ਵਿਚ 

ਹੱਕਦਾਰ ਤਾਂ ਨਹੀਂ ਬਨਣਾ ਚਾਹੁੰਦੇ 

ਉਮੀਦਵਾਰ ਬਹੁਤ ਨੇ 

ਤੇ ਆਵਾਜ਼ ਕਦੇ ਕੋਈ ਵਿਰਲੀ

ਉਹ ਸਿਰ ਜੋ ਤੁਸੀਂ ਵੱਢਣ ਆਏ ਹੋ 

ਅਜੇ ਨਹੀਂ ਬਣਿਆ 

ਅੱਗ ਬਹੁਤ ਮੱਠੀ ਹੈ 

ਪੱਕਣ ਨੂੰ ਵਕਤ ਲੱਗੇਗਾ

📝 ਸੋਧ ਲਈ ਭੇਜੋ