ਯਾਦ ਹੈ ਜਦ ਤੂੰ ਸਾਡੇ ਪਿੰਡ

ਯਾਦ ਹੈ ਜਦ ਤੂੰ ਸਾਡੇ ਪਿੰਡ ਦਰਿਆ ਹੁੰਦਾ ਸੀ?

ਮੈਂ ਸਾਂ ਬੇੜੀ ਤੇਰਾ ਇਸ਼ਕ  ਮਲਾਹ  ਹੁੰਦਾ ਸੀ?

ਨਾਲ ਸੀ ਤੂੰ ਤਾਂ ਹਰ ਇੱਕ ਮੰਜ਼ਲ ਪੈਰਾਂ ਵਿੱਚ ਸੀ, 

ਭਾਵੇਂ ਪੈਂਡਾ ਕਿੰਨਾ ਵੀ ਅਸਗਾਹ ਹੁੰਦਾ ਸੀ। 

ਸਤਯੁੱਗ ਅੰਦਰ ਕਦ ਹੁੰਦੀ ਸੀ ਬੇਇਨਸਾਫ਼ੀ, 

ਧਰਮ ਕਚਹਿਰੀ ਦੇ ਵਿੱਚ ਸੱਚ ਗਵਾਹ ਹੁੰਦਾ ਸੀ। 

ਕਿੰਨੇ ਬੇੜੀ ਪੂਰ ਖੁੰਝਾ ਦਿੰਦੇ ਸਾਂ ਤੂੰ ਮੈਂ, 

ਨਦੀ ਕਿਨਾਰੇ ‘ਕੱਠਿਆਂ  ਬਹਿਣ ਦਾ ਚਾਅ ਹੁੰਦਾ ਸੀ। 

ਵਰ੍ਹਿਆਂ ਬਾਦ ਮੈਂ ਤੱਕ ਕੇ ਤੈਨੂੰ ਪੱਥਰ ਹੋ ਗਈ, 

ਨਹੀਂ ਸੀ ਰੋਇਆ ਜਾਂਦਾ, ਨਾ ਮੁਸਕਾ ਹੁੰਦਾ ਸੀ। 

ਓਸ ਉਮਰ ਵਿੱਚ ਰਾਹਾਂ ਦੀ ਮੁਹਤਾਜੀ ਨਹੀਂ ਸੀ, 

ਤੇਰੇ ਦਿਲ ਤਕ, ਮੇਰੇ ਦਿਲ ਤੋਂ ਰਾਹ ਹੁੰਦਾ ਸੀ।

ਬੋਤਲ ਵਿਚਲਾ ਪਾਣੀ ਮੈਨੂੰ ਆਖ ਰਿਹਾ ਏ,

ਉਹ ਵੀ ਪਹਿਲਾਂ ਭਰ ਵਗਦਾ ਦਰਿਆ ਹੁੰਦਾ ਸੀ। 

 

'ਸਿਦਕ ਦਿਲੇ ਦੀ ਰੇਤ 'ਤੇ ਖ਼ਵਰੇ ਕੀ ਉਸ  ਲਿਖਿਆ, 

ਨਾ ਹੀ ਪੜ੍ਹਿਆ ਜਾਂਦਾ ਤੇ ਨਾ ਢਾਹ ਹੁੰਦਾ ਸੀ।

📝 ਸੋਧ ਲਈ ਭੇਜੋ