ਯਾਦ ਸੱਜਣ ਦੀ ਲੂ ਵਾਂਗੂੰ ਖਾਵੇ
ਕੋਈ ਆਸਾਂ ਵਾਲੀ ਹਵਾ ਤੇ ਚੱਲੇ
ਨੲ੍ਹੀਂ ਆਉਣਾ ਬੇਸ਼ਕ ਨਾ ਆਵੇ
ਸੁਖ ਸੁਨੇਹਾ ਤਾਂ ਕੋਈ ਘੱਲੇ।
ਯਾਦਾਂ ਦੀ ਇਸ ਝੁੱਗੀ ਦੇ ਵਿੱਚ
ਸਾਨੂੰ ਛੱਡ ਕੇ ਟੁਰ ਗਿਆ ’ਕੱਲੇ
ਖ਼ਬਰੇ ਕਿਹੜੇ ਦੇਸ਼ ਜਾ ਬੈਠਾ
ਰੱਬ ਜਾਣੇ ਕਿਹੜੇ ਪਿੜ ਮੱਲੇ।
ਜ਼ਿੰਦਗੀ ਬਣੀਏ ਪਰਬਤੋਂ ਭਾਰੀ
ਝੱਟ ਨੲ੍ਹੀਂ ਲੰਘਦਾ ਹੋਏ ਆਂ ਝੱਲੇ
ਬੂਹੇ ਦੀ ਹਰ ਆਹਟ ਲੱਗੇ
ਜਿਵੇਂ ਉਹ ਆਇਆ ਮੇਰੇ ਵੱਲੇ।
ਮੈਨੂੰ ਸੁਰ ਸੰਗੀਤ ਨਹੀਂ ਭਾਉਂਦਾ
ਰੋਗ ਇਸ਼ਕ ਦੇ ਬੜੇ ਅਵੱਲੇ
ਕੋਇਲ ਦੀ ਕੂ ਕੂ ਪਈ ਖੱਲਦੀ
ਬਾਜ ਉਦ੍ਹੇ ਕੁਝ ਪਵੇ ਨਾ ਪੱਲੇ
ਹਰ ਇੱਕ ਗੀਤ ਗ਼ਜ਼ਲ ਦੇ ਅੰਦਰ
ਉਦੀ ਆਵਾਜ਼ ਦੇ ਬੋਲ ਸੁਰੀਲੇ
‘ਉੱਪਲ’ ਅਮਰ ਨੇ ਮਿੱਠੀਆਂ ਯਾਦਾਂ
ਬਿਰਹਾ ਦੇ ਸੋਹਲੇ ਨਵੇਂ ਨਵੱਲੇ।