ਯਾਦਾਂ ਸਨ ਤੇ ਦਿਲ ਦਫ਼ਤਰ ਸੀ।

ਸੋਚਾਂ ਸਲ ਤੇ ਸੱਪ ਦਾ ਘਰ ਸੀ।

ਲਹੂ ਲੁਹਾਨ ਤੇ ਮੈਂ ਹੋਇਆ ਸਾਂ,

ਤੇਰਾ ਦਾਮਨ ਕਾਹਤੋਂ ਤਰ ਸੀ।

ਚੰਗਾ ਹੁੰਦਾ ਜੇ ਮਰ ਜਾਂਦੇ, 

ਜ਼ਿੱਲਤ ਨਾਲੋਂ ਕੁਝ ਬਿਹਤਰ ਸੀ।

ਮੇਰੇ ਲਹੂ ਨਹਾ ਕੇ ਨਿਕਲੀ, 

ਹਰ ਇਕ ਹਸਰਤ ਜ਼ੋਰਾਵਰ ਸੀ।

ਸਿਰ ਤੇ ਰਾਤ ਹਿਜਰ ਦੀ ਲੈ ਕੇ,

ਚੰਨ ਦਾ ਸੂਰਜ ਤੀਕ ਸਫਰ ਸੀ।

ਅੱਜ ਮਿਲੇ ਤਾਂ ਮਿਲ ਕੇ ਰੋਏ,

ਇਹ ਘਟ ਪਹਿਲੇ ਕਿਉਂ ਨਾ ਬਰਸੀ।

ਤੇਰੇ ਨਾਲ ਜ਼ਮਾਨੇ ਬੀਤੇ,

ਅਪਣਾ ਹਰ ਇਕ ਐਬ ਹੁਨਰ ਸੀ।

ਸ਼ਹਿਰ-ਬਦਰ ਤੇ ਮੈਂ ਹੋਇਆ ਸੀ,

ਮੇਰੇ ਕੋਲੋਂ ਕਾਹਦਾ ਡਰ ਸੀ।

📝 ਸੋਧ ਲਈ ਭੇਜੋ