ਯਾਰ ਹਨੂਰੇ ਰਹਿ ਗਏ

ਇਕ ਦੂਜੇ ਲਈ ਯਾਰ ਹਨੂਰੇ ਰਹਿ ਗਏ ਨੇ

ਯਾ ਫਿਰ ਹੱਥਾਂ ਦੇ ਵਿਚ ਹੂਰੇ ਰਹਿ ਗਏ ਨੇ

ਪਿੰਡ ਮੇਰੇ ਦੀ ਸਾਰੀ ਪਰ੍ਹਿਆ ਮਰ ਗਈ ਏ,

ਮੂੰਹ ਵਿਚ ਗੱਲਾਂ ਨੇ ਹੰਘੂਰੇ ਰਹਿ ਗਏ ਨੇ

ਆਸ ਬੜੀ ਸੀ ਖ਼ੁਸ਼ਹਾਲੀ ਨੂੰ ਵੇਖਾਂਗੇ,

ਸਾਡੇ ਸਾਰੇ ਖ਼ਾਬ ਅਧੂਰੇ ਰਹਿ ਗਏ ਨੇ

ਕੋਇਲ ਦੀ ਕੂ ਦੱਸੋ ਕਿੱਥੋਂ ਆਵੇਗੀ,

ਬਾਗ਼ਾਂ ਦੇ ਵਿਚ ਨਿੰਮ ਧਤੂਰੇ ਰਹਿ ਗਏ ਨੇ

ਇਕ ਮੁਰਲੀ ਇਕ ਡਮਰੂ ਇਕ ਮਦਾਰੀ ਏ,

ਬਾਕੀ ਕੀ ਸਿਰਫ਼ ਜਮੂਰੇ ਰਹਿ ਗਏ ਨੇ

ਕਿਸੇ ਨਾ ਖੋਲਿਆ ਦੌੜ ਕੇ ਛੇਤੀ ਬੂਹੇ ਨੂੰ,

ਵਜਦੇ ਗਲੀਆਂ ਵਿਚ ਖੰਗੂਰੇ ਰਹਿ ਗਏ ਨੇ

ਸੱਜਣ ਬੇਲੀ ਸਾਰੇ ਛੱਡ ਕੇ ਤੁਰ ਗਏ ਨੇ,

ਹੁਣ ਬੱਸ ਦੁਸ਼ਮਣ ਮੇਰੇ-ਮੂਰੇ ਰਹਿ ਗਏ ਨੇ

ਤਕੜੇ ਮੇਰੇ ਦੇਸ ਨੂੰ ਲੁੱਟ ਕੇ ਲੈ ਗਏ ਨੇ,

'ਅਰਸ਼ਦ' ਲੇਖਾਂ ਦੇ ਵਿਚ ਝੂਰੇ ਰਹਿ ਗਏ ਨੇ

📝 ਸੋਧ ਲਈ ਭੇਜੋ