ਯਾਰ ਜਦੋਂ ਦਾ ਵੇਖਣ

ਯਾਰ ਜਦੋਂ ਦਾ ਵੇਖਣ ਲੱਗੈ ਹੋਰ ਤਰ੍ਹਾਂ

ਮੈਂ ਆਪੇ ਤੋਂ ਲੁਕਿਆ ਫਿਰਨਾਂ ਚੋਰ ਤਰ੍ਹਾਂ

 

 ਮੈਂ ਸੁਪਨੇ ਨੂੰ ਫੜ੍ਹ-ਫੜ੍ਹ ਗਗਨੀਂ ਉਡਦਾ ਸਾਂ 

 ਕੱਚੀ ਨੀਂਦਰ ਟੁੱਟੀ ਕੱਚੀ ਡੋਰ ਤਰ੍ਹਾਂ

 

 ਮੈਂ ਜੰਗਲ ਵਿੱਚ ਬਾਤਾਂ ਪਾ ਪਾ ਹਾਰ ਗਿਆਂ 

  ਚੁੱਪੀ ਮੈਨੂੰ ਪਾਗਲ ਕੀਤੈ ਸ਼ੋਰ ਤਰ੍ਹਾਂ

  

  ਚੋਰ ਨਿਗਾਹਾਂ ਮੇਰਾ ਚਿਹਰਾ ਕੀ ਪੜਨਾ 

   ਮੈਂ ਲੱਗਾਂਗਾ ਸ਼ੀਸ਼ੇ ਦੀ ਲਿਸ਼ਕੋਰ ਤਰ੍ਹਾਂ

   

  ਸੋਚਾਂ ਅੰਦਰ ਯਾਦ ਕਥੂਰੀ ਮਹਿਕੀ ਏ 

  ਬਿਰਹਾ ਮੈਨੂੰ ਕੀਲੀ ਜਾਂਦੈ ਲੋਰ ਤਰ੍ਹਾਂ 

ਮੇਰੀ ਕਵਿਤਾ ਦੱਸਾਂ ਕਿਸ ਥਾਂ ਗੁੰਮੀ ਏ 

 ਭੀੜਾਂ ਚੌਂਕ ਮਿੱਧੀ ਹੈ ਕਮਜ਼ੋਰ ਤਰ੍ਹਾਂ

ਮੇਰੇ ਦਿਲ ਦਾ ਮਾਰੂਥਲ ਵੀ ਮੌਲ ਪਵੇ

 ਜੇ ਤੂੰ ਵੱਸੇਂ ਸਾਵਣ ਦੀ ਘਨਘੋਰ ਤਰ੍ਹਾਂ

 

ਇਸ ਬਸਤੀ ਚੋਂ ਕਿੰਜ ਬਚਾ ਕੇ ਲੰਘਾਂ ਮੈਂ

ਜੋ ਮਿਲਦਾ ਹੈ, ਮਿਲਦੈ ਆਦਮ-ਖੋਰ ਤਰ੍ਹਾਂ

ਰੈਣੂ ਤਾਈਂ ਭਾਰ ਉਡਾਈ ਫਿਰਦੇ ਨੇ 

 ਜੋ ਤੁਰਦਾ ਸੀ ਨਿੱਤ ਸਾਗਰ ਦੀ ਤੋਰ ਤਰ੍ਹਾਂ

📝 ਸੋਧ ਲਈ ਭੇਜੋ