ਯਾਰ ਹੱਸਦੇ ਸਨ
ਮੌਜਾਂ ਉੱਠਦੀਆਂ ਸਨ ਨਸ਼ੇ ਦੀਆਂ,
ਬਿਜਲੀਆਂ ਚਮਕਾਉਂਦੇ ਸਨ ਮੇਰੀ ਉਸ ਗਹਿਰ ਦੇ ਉੱਤੇ
ਜੋ ਮੇਰੀ ਉਮਰ ਦੇ ਚਿਹਰੇ 'ਤੇ ਫੈਲੀ
ਜੋ ਉਸ ਫ਼ਜਰ 'ਤੇ ਛਾਈ
ਜੋ ਮੇਰੇ ਕਠਨ ਤਪਾਂ ਦਾ ਅੰਜਾਮ ਹੈ।
ਮੇਰੇ ਅੰਦਰ ਦੀ ਗਹਿਰ 'ਤੇ
ਮੇਰੇ ਚਿਹਰੇ ਦੀ ਛਾਈ ਧੂੜ 'ਤੇ,
ਕਿਣਕੇ ਕਿਣਕੇ 'ਤੇ ਜੋ ਵੀਰਾਨਗੀ
ਜ਼ਰੇ ਜ਼ਰੇ 'ਤੇ ਜੋ ਦੀਵਾਨਗੀ,
ਜੋ ਉਸ ਰੰਗ 'ਤੇ ਜੁਆਨੀਆਂ
ਜੋ ਉਸ ਰੰਗ ਦੀ ਬਦਸੂਰਤੀ
ਹਰ ਇਕ ਚੀਜ਼ 'ਤੇ ਯਾਰ ਸਨ ਹੱਸਦੇ।
ਹੱਸਦੇ ਬਦਸੂਰਤੀ ਦੇ ਹੁਸਨ 'ਤੇ
ਹੱਸਦੇ ਬੇ-ਇਲਮ ਜਹੀ ਆਵਾਜ਼ 'ਤੇ
ਹੱਸਦੇ ਨਾਦਾਨੀਆਂ ਦੇ ਰਾਜ਼ 'ਤੇ
ਹੱਸਦੇ ਮੇਰੇ ਸ਼ੌਕ ਦੇ ਲੁਕਣ 'ਤੇ
ਹੱਸਦੇ ਵਹਿਣ ਦੇ ਰੁਕਣ 'ਤੇ
ਹੱਸਦੇ ਰੰਗ ਦੇ ਛੁਪਣ 'ਤੇ
ਹੱਸਦੇ ਸ਼ਕਤੀ ਦੇ ਰੁਕਨ 'ਤੇ...।
ਉਹਨਾਂ ਦਾ ਹਾਸਾ ਪਵਿੱਤਰ !
ਪਰ ਮੈਂ ਨਾਂਹ ਜਾਣਾ :
ਇਹ ਮੈਲੇ ਹੜ੍ਹਾਂ ਦਾ ਪਾਣੀ
ਲੱਖ ਅਸਮਾਨਾਂ ਦੇ ਹੜ੍ਹਾਂ ਨੂੰ ਚਲੂਲਦਾ
ਇਹ ਆਪਣੀ ਮੈਲ ਨਾਲ
ਕੁਲ ਅਸਮਾਨਾਂ ਦਾ ਚਾਨਣਾ ਧੋਂਦਾ।