ਯਾਰੀ ਦਾ ਕੌਲ ਪਾਲੀਏ

ਜਾਨ ਜਾਲੀਏ ਯਾਰੀ ਦਾ ਕੌਲ ਪਾਲੀਏ 

ਸੁਣਾਈਏ ਨਾਹੀਂ ਦੁਖ ਯਾਰ ਨੂੰ ਸਿਰ ਤੇ ਲਾ ਲਈਏ 

ਜਿਸ ਨੇ ਯਾਰ ਦੀ ਯਾਰੀ ਦਾ ਭੇਤ ਖੋਲਿਆ 

ਸੰਗਲ ਪੈ ਗਏ ਸੂਲੀ ਦੇ ਉਤੇ ਤੋਲਿਆ 

ਫੜ ਕੇ ਮਾਰਯਾ ਜ਼ਰਾ ਜੇ ਕੋਈ ਬੋਲਿਆ 

ਪਰਦਾ ਪਾਲੀਏ ਯਾਰੀ ਦਾ ਕੌਲ ਪਾਲੀਏ 

ਸੁਨਾਈਏ ਨਾਹੀਂ ਦੁਖ ਯਾਰ ਨੂੰ ਸਿਰ ਤੇ ਲਾ ਲਈਏ 

ਮੁਫ਼ਤ ਹੋਵੇਂ ਨਾ ਬਦਨਾਮ ਸਾਰੇ ਜਗ ਵਿਚ 

ਦਰਦ ਯਾਰ ਦਾ ਪਕਾ ਲੈ ਰਗ ਰਗ ਵਿਚ 

ਲੋਹੇ ਵਾਂਗ ਫੜਕੇ ਇਸ਼ਕ ਵਾਲੀ ਅਗ ਵਿਚ

ਦਿਲ ਨੂੰ ਤਾ ਲਈਏ ਯਾਰੀ ਦਾ ਕੌਲ ਪਾਲੀਏ

ਖੁਸ਼ੀ ਨਾਲ ਖੇਲੀਏ ਇਸ਼ਕ ਦੇ ਖ਼ਲਾਰ ਨੂੰ 

ਪਲੇ ਬੰਨੀਏ ਨਾ ਜਿਤ ਨਾਲੇ ਹਾਰ ਨੂੰ 

ਮੰਗੇ ਜਾਨ ਜੇਕਰ ਹਸਕੇ ਦੇਈਏ ਯਾਰ ਨੂੰ 

ਦੁਖ ਚਾਲੀਏ ਯਾਰੀ ਦਾ ਕੌਲ ਪਾਲੀਏ 

ਸੁਨਾਈਏ ਨਾਹੀਂ ਦੁਖ ਯਾਰ ਨੂੰ ਸਰ ਤੇ ਲਾ ਲਈਏ 

ਜੇਹੜਾ ਬੋਲਿਆ ਜ਼ਬਾਨੋ ਸੋਈਓ ਮਾਰਿਆ 

ਸੁਮ ਬਕੁੰਮ ਜੇਹੜਾ ਰਿਹਾ ਫੜ ਕੇ ਤਾਰਿਆ 

ਅਖਾਂ ਮੀਟ ਕੇ ਨਦੀ ਦੇ ਵਿਚ ਪਿਆਰਿਆ 

ਗੋਤਾ ਲਾਈਏ ਯਾਰੀ ਦਾ ਕੌਲ ਪਾਲੀਏ 

ਸੁਨਾਈਏ ਨਾਹੀਂ ਦੁਖ ਯਾਰ ਨੂੰ ਸਿਰ ਤੇ ਲਾ ਲਈਏ 

ਹਸ਼ਮਤ ਸ਼ਾਹ ਨੇ ਗਲਾਂ ਸਚੀਆਂ ਵਿਚਾਰੀਆਂ 

ਇਸ਼ਕ ਵਿਚ ਪਲੇ ਪੈਂਦੀਆਂ ਖੁਆਰੀਆਂ 

ਜੇਕਰ ਲਾਈਏ ਸੋਹਣੇ ਦੇ ਨਾਲ ਯਾਰੀਆਂ 

ਤਾਂ ਨਿਭਾਲੀਏ ਯਾਰੀ ਦਾ ਕੌਲ ਪਾਲੀਏ 

ਸੁਣਾਈਏ ਨਾਹੀਂ ਦੁਖ ਯਾਰ ਨੂੰ ਸਿਰ ਤੇ ਲਾ ਲਈਏ 

📝 ਸੋਧ ਲਈ ਭੇਜੋ