ਯੁੱਧ ਯੁੱਧ ਖੇਡਣ ਤੋਂ ਪਹਿਲਾਂ

ਯੁੱਧ ਯੁੱਧ ਖੇਡਣ ਤੋਂ ਪਹਿਲਾਂ 

ਚਲੋ ਹੀਰੋਸ਼ੀਮਾ ਚਲਦੇ ਹਾਂ

ਵਰ੍ਹਿਆਂ ਬਾਅਦ ਵੀ

ਯੁੱਧ ਦੇ ਨਾਂ 'ਤੇ

ਕੰਬ ਜਾਂਦੇ ਨੇ

ਜਿਥੋਂ ਦੇ ਲੋਕ 

ਪੀੜ੍ਹੀਆਂ ਬੱਧੀ

ਭੋਗ ਰਹੇ ਨੇ ਸੰਤਾਪ

ਜਿੱਥੋਂ ਦੇ ਲੋਕ

ਯੁੱਧ ਯੁੱਧ ਖੇਡਣ ਤੋਂ ਪਹਿਲਾਂ

ਚਲੋ ਨਾਗਾਸਾਕੀ ਚਲਦੇ ਹਾਂ

ਜਿੱਥੇ ਹਵਾ ਵੀ ਦੁਰਲੱਭ ਹੈ

ਸਾਹ ਲੈਣ ਲਈ

ਕੌਣ ਜਾਣਦਾ ਹੈ

ਅੱਜ ਵੀ ਨਾਸੂਰਾਂ 'ਚੋਂ

ਰਿਸ ਆਉਂਦਾ ਹੈ ਮਵਾਦ

ਵੱਖ ਵੱਖ ਰੋਗ ਬਣਕੇ

ਯੁੱਧ ਯੁੱਧ ਖੇਡਣ ਤੋਂ ਪਹਿਲਾਂ

ਰੁਕੋ ! ਰੁਕੋ!!

ਕੀ ਤੁਸੀਂ ਕਰ ਦੇਣਾ ਚਾਹੁੰਦੇ ਹੋ ?

ਧਰਤੀ ਨੂੰ ਬੰਜਰ

ਔਰਤ ਨੂੰ ਬਾਂਝ 

ਮਰਦ ਨੂੰ ਨਪੁੰਸਕ 

ਮਨੁੱਖਤਾ ਨੂੰ ਅਪੰਗ 

ਵਾਤਾਵਰਨ ਨੂੰ ਦੂਸ਼ਿਤ

ਯੁੱਧ ਯੁੱਧ ਖੇਡਣ ਤੋਂ ਪਹਿਲਾਂ

ਸੋਚਣਾ ਬਣਦਾ ਹੈ

ਕਿੰਨੇ ਬੱਚੇ ਹੋ ਜਾਣਗੇ ਯਤੀਮ 

ਕਿੰਨੀਆਂ ਔਰਤਾਂ ਹੋ ਜਾਣਗੀਆਂ ਵਿਧਵਾ 

ਕਿੰਨੇ ਬਜ਼ੁਰਗਾਂ ਦਾ ਖੁੱਸ ਜਾਏਗਾ ਸਹਾਰਾ 

ਕਿੰਨੀਆਂ ਭੈਣਾਂ ਨੂੰ ਨਹੀਂ ਮਿਲਣਗੇ ਗੁੱਟ 

ਕਿੰਨੇ ਲੋਕਾਂ ਦੇ ਜ਼ਖ਼ਮ ਹੋ ਜਾਣਗੇ ਫਿਰ ਤੋਂ ਹਰੇ

ਯੁੱਧ ਯੁੱਧ ਖੇਡਣ ਤੋਂ ਪਹਿਲਾਂ

ਪਤਾ ਕਰੋ

ਕੀ ਇਸ ਨਾਲ ਬਣ ਜਾਏਗਾ

ਭੁੱਖ ਤੇ ਰੋਟੀ ਦਾ ਸੰਤੁਲਨ

ਜਾਂ ਬਚ ਜਾਏਗਾ

ਰਾਜੇ ਦਾ ਸਿੰਘਾਸਣ

ਕੀ ਇਸ ਖੇਡ ਦੇ ਪਿੱਛੇ

ਲੁਕੇ ਹੁੰਦੇ ਨੇ ਹੋਰ ਹੀ ਮਕਸਦ 

ਯੁੱਧ ਯੁੱਧ ਖੇਡਣ ਤੋਂ ਪਹਿਲਾਂ 

ਚਲੋ ਹੀਰੋਸ਼ੀਮਾ ਚਲਦੇ ਹਾਂ 

ਯੁੱਧ ਯੁੱਧ ਖੇਡਣ ਤੋਂ ਪਹਿਲਾਂ

ਚਲੋ ਨਾਗਾਸਾਕੀ ਚਲਦੇ ਹਾਂ

📝 ਸੋਧ ਲਈ ਭੇਜੋ