ਇਕ ਰਿਸ਼ਤਾ ਜਦ ਟੁੱਟ ਜਾਂਦਾ ਹੈ
ਤੇ ਦੂਜੇ ਰਿਸ਼ਤੇ ਨੇ ਹਾਲੇ ਬਣਨਾ ਹੁੰਦਾ;
ਉਸ ਸਮੇਂ ਵਿਚਲੀ ਭਟਕਣ ਦੀ ਗਾਥਾ
ਮੇਰੇ ਆਪਣੇ ਆਪੇ ਬਾਝੋਂ, ਕੌਣ ਸੁਣੇਗਾ ?
ਇਕ ਪੁਰਾਣਾ ਦਰਪਣ ਜਿਸ 'ਚੋਂ ਦਿਸੇ ਨਾ ਚਿਹਰਾ
ਆਪਣੇ ਹੱਥੀਂ ਤੋੜ ਲਿਆ ਮੈਂ,
ਰਾਹਾਂ ਵਿੱਚ ਖਿੰਡੇ ਨੇ ਕਿੰਨੇ ਕੱਚ ਦੇ ਟੁਕੜੇ
ਮੇਰੇ ਆਪਣੇ ਹੱਥਾਂ ਬਾਝੋਂ ਕੌਣ ਚੁਣੇਗਾ ?
ਮੌਸਮ ਦੀ ਅੱਖ ਹੰਝੂ ਹੰਝੂ
ਪੌਣਾਂ ਦੇ ਸਾਹ ਹਉਕਾ ਹਉਕਾ,
ਫੇਰ ਝਨਾਂ ਵਿੱਚ ਕਹਿਰੀ ਛੱਲਾਂ
ਮੇਰੇ ਆਪਣੇ ਸਾਹਸ ਬਾਝੋਂ, ਕੌਣ ਤਰੇਗਾ ?
ਧਰਤੀ ਦਾ ਕਣ ਕਣ ਮਘਦਾ
ਅੰਬਰ ਸੁਲਘੇ ਤਾਰਾ ਤਾਰਾ,
ਨੇੜ੍ਹੇ ਦੇ ਤਪਦੇ ਥਲ ਅੰਦਰ
ਜਗਿਆਸੂ ਕਦਮਾਂ ਨੂੰ ਮੈਂ ਬਿਨ, ਕੌਣ ਧਰੇਗਾ ?
ਖੇਤਾਂ ਵਿੱਚ ਸੁੱਚੀ ਹਰਿਆਵਲ
ਸੂਹੇ ਸੂਹੇ ਫੁੱਲ ਜੰਮਦੀ ਹੈ
ਉਤੋਂ ਲੋਹੇ ਦਾ ਮੀਂਹ ਵਰ੍ਹਦਾ
ਇਸਦੇ ਅੱਗੇ ਹਿੱਕ ਦੀ ਚਾਦਰ, ਕੌਣ ਤਣੇਗਾ ?
ਥਾਂ ਥਾਂ ਤੇ ਇਕ ਅਗਨੀ ਭੜਕੀ
ਚਿਣਗਾਂ ਬਣ ਰਹੀਆਂ ਨੇ ਲਾਟਾਂ,
ਏਦਾਂ ਹੀ ਨੇ ਯੁਗ ਬਦਲਦੇ
ਏਸ ਯੁਗ ਦਾ ਨਾਇਕ ਯਾਰੋ, ਕੌਣ ਬਣੇਗਾ ?