ਜ਼ਿੰਦਗੀ : ਇੱਕ ਕਿਤਾਬ

ਜ਼ਿੰਦਗੀ ਕਿਤਾਬ ਬਣ

ਪੰਨਾ ਹੈ ਪੜ੍ਹਾ ਗਈ

ਬੜਾ ਕੁਝ ਰਾਹੇ ਜਾਂਦੇ

ਮੈਨੂੰ ਹੈ ਸਿਖਾ ਗਈ

ਦੱਸ ਗਈ ਕਿੰਝ ਗੱਲ

ਫੁੱਲਾਂ ਨਾਲ ਕਰੀ ਦੀ

ਕਿਸੇ ਲਈ ਜਾਨ ਕਿਵੇਂ

ਤਲੀ ਉੱਤੇ ਧਰੀ ਦੀ

’ਕੱਲੇ-ਕਾਰੇ ਬੈਠ ਕਿੱਦਾਂ

ਹਵਾ ਨੂੰ ਹੈ ਮਾਣੀਂ ਦਾ

ਇਹ ਦੁਨੀਆਂ ਹੈ ਮੇਲਾ

ਜਿੰਦ ਬੁਲਬੁਲਾ ਪਾਣੀ ਦਾ

ਆਤਿਸ਼ ਦੀ ਆਬ ਵਿੱਚ

ਹੁੰਦਾ ਡਾਢਾ ਸੇਕ

ਜੋ ਮੇਟਿਆਂ ਨਾ ਮਿਟਦੇ

ਓਹਨੂੰ ਕਹਿੰਦੇ ਲੇਖ

ਦੰਭੀ ਬਣ ਕਦੇ ਨਹੀਂ

ਵਿਸ਼ਵਾਸ ਤੋੜੀ ਦਾ

ਪਾਣੀ ਅਨਮੋਲ ਹੁੰਦਾ

ਐਵੇਂ ਨਹੀਂ ਰੋੜ੍ਹੀ ਦਾ

ਰੁੱਖ ਜਦ ਤੱਕ ਜਿਉਂਦੇ

ਤਦ ਤੱਕ ਸਾਹ ਨੇ

ਮੁਸ਼ਕਿਲਾਂ ਵਿੱਚੋਂ ਬੀਬਾ

ਨਿਕਲਦੇ ਰਾਹ ਨੇ

ਨੀਂਦ ’ਚੋਂ ਜਗਾਉਣ ਲਈ

ਕੁੰਡੀ ਖੜਕਾ ਗਈ

ਸੋਚਾਂ ਦੀ ਪਤੰਗ ਵਾਲੀ

ਡੋਰ ਨੂੰ ਫੜਾ ਗਈ

ਜ਼ਿੰਦਗੀ ਕਿਤਾਬ ਬਣ

ਪੰਨਾ ਹੈ ਪੜ੍ਹਾ ਗਈ

 

📝 ਸੋਧ ਲਈ ਭੇਜੋ