ਊਰੀ ਊਰੀ ਊਰੀ,
ਨੀ ਅੱਜ ਦਿਨ ਸ਼ਗਨਾਂ ਦਾ,
ਨੱਚ ਨੱਚ ਹੋਜਾ ਦੂਹਰੀ।
ਨੀ ਅੱਜ ਦਿਨ …
ਊਠਾਂ ਵਾਲਿਉ, ਊਠ ਲੱਦੀਆਂ ਬੋਰੀਆਂ,
ਮਹਿਲੀ ਛੱਡੀਆਂ ਸੁੰਨੀਆਂ ਗੋਰੀਆਂ।
ਮਹਿਲੀ ਛੱਡੀਆਂ .....
ਉਰਲੇ ਖੇਤ ਵਿੱਚ ਕਣਕ ਬਾਜਰਾ,
ਪਰਲੇ ਖੇਤ ਵਿੱਚ ਗੰਨੇ,
ਵੇ ਮੈ ਨੱਚਾਂ ਬਾਲਮਾ ਖੇਤਾਂ ਦੇ ਬੰਨੇ ਬੰਨੇ।
ਵੇ ਮੈਂ ਨੱਚਾਂ.....
ਗਰਮ ਲੈਚੀਆਂ ਗਰਮ ਮਸਾਲਾ,
ਗਰਮ ਸੁਣੀਂਦੀ ਹਲਦੀ।
ਪੰਜ ਦਿਨ ਤੇਰੇ ਵਿਆਹ ਵਿੱਚ ਰਹਿ ਗਏ,
ਤੂੰ ਫਿਰਦੀ ਐਂ ਟਲਦੀ।
ਨੀ ਬੈਠ ਬਨੇਰੇ ਤੇ,
ਉਡੀਕਾਂ ਯਾਰ ਦੀਆਂ ਕਰਦੀ।
ਬੈਠ ਬਨੇਰੇ ਤੇ...