ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ.


ਗਰਭਾਸ਼ਯ ਦੀ ਝਿੱਲੀ ਵਿੱਚ ਦਾ ਉਹ ਜਲ, ਜੋ ਬੱਚੇ ਨੂੰ ਘੇਰੀਂ ਰਖਦਾ ਹੈ. "ਜਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀਆ ਦਸ ਦੁਆਰਾ." (ਆਸਾ ਧੰਨਾ)


ਸੰਗਯਾ- ਪੇਟ ਦਾ ਵੈਰੀ, ਕਟਾਰ. (ਸਨਾਮਾ)


ਸੰਗ੍ਯਾ- ਪੇਟ ਦਾ ਸੰਬੰਧੀ. ਸਕਾ ਭਾਈ. ਸਹੋਦਰ। ੨. ਪੇਟ ਦਾ ਹੈ ਸੰਬੰਧ ਜਿਸ ਨਾਲ, ਅਰਥਾਤ ਜਿਸ ਦੇ ਪੇਟ ਵਿੱਚ ਨਿਵਾਸ ਕੀਤਾ ਹੈ. "ਉਦਰਸੰਜੋਗੀ ਧਰਤੀ ਮਾਤਾ." (ਮਾਰੂ ਸੋਲਹੇ ਮਃ ੧) ੩. ਸ੍ਵਾਰਥੀ. ਖੁਦਗਰਜ. ਕੇਵਲ ਢਿੱਡ ਭਰਨ ਦਾ ਹੈ ਪ੍ਰਯੋਜਨ ਜਿਸ ਦਾ.


ਸੰਗ੍ਯਾ- ਜਠਾਰਗਨਿ. ਪੇਟ ਦੀ ਅਗਨਿ. ਮੇਦੇ ਦੀ ਗਰਮੀ। ੨. ਭੁੱਖ.


ਪੇਟ ਦੀ ਬੀਮਾਰੀ. ਜਦ ਮੇਦੇ ਦੀ ਅਗਨੀ ਮੱਠੀ ਪੈ ਜਾਂਦੀ ਹੈ, ਅਰਥਾਤ ਹਜਮ ਕਰਣ ਦੀ ਤਾਕਤ ਘੱਟ ਜਾਂਦੀ ਹੈ, ਤਦ ਇਹ ਰੋਗ ਹੁੰਦਾ ਹੈ, ਇਸ ਰੋਗ ਨੂੰ ਅਨੰਤ ਰੋਗਾਂ ਦਾ ਪਿਤਾ ਆਖਣਾ ਚਾਹੀਏ. ਕੋਈ ਐਸੀ ਬੀਮਾਰੀ ਨਹੀਂ ਜੋ ਮੇਦੇ ਦੇ ਵਿਕਾਰੀ ਹੋਣ ਤੋਂ ਨਾ ਹੋ ਸਕਦੀ ਹੋਵੇ, ਇਹ ਰੋਗ ਬਹੁਤ ਖਾਣ ਤੋਂ, ਕੁਵੇਲੇ ਖਾਣ ਤੋਂ, ਮਲ ਮੂਤ੍ਰ ਪਸੀਨਾ ਰੁਕਣ ਤੋਂ, ਭੁੱਖ ਵੇਲੇ ਪੀਣ ਅਤੇ ਪਿਆਸ ਵੇਲੇ ਖਾਣ ਤੋਂ, ਬਹੁਤ ਵਾਰ ਖਾਣ ਤੋਂ, ਚਿੰਤਾ ਵਿੱਚ ਰਹਿਣ ਤੋਂ ਅਤੇ ਬਹੁਤ ਥੱਕ ਜਾਣ ਤੋਂ ਹੁੰਦਾ ਹੈ.#ਉਦਰ ਰੋਗ ਤੋਂ ਅਫਾਰਾ ਹੁੰਦਾ ਹੈ, ਗੰਦੇ ਡਕਾਰ ਆਉਂਦੇ ਹਨ, ਦੁਰਗੰਧ ਭਰੀ ਹਵਾ ਸਰਦੀ ਹੈ, ਭੁੱਖ ਬੰਦ ਹੋ ਜਾਂਦੀ ਹੈ, ਕਲੇਜੇ ਤੇ ਜਲਨ ਰਹਿੰਦੀ ਹੈ, ਮੱਥਾ ਭਾਰੀ ਮਲੂਮ ਹੁੰਦਾ ਹੈ.#ਉਦਰ ਰੋਗੀ ਨੂੰ ਥੋੜਾ ਥੋੜਾ ਇਰੰਡ ਦਾ ਤੇਲ ਅਥਵਾ ਮਾਲਕੰਗਣੀ ਦਾ ਤੇਲ ਦੁੱਧ ਵਿੱਚ ਮਿਲਾਕੇ ਪੀਣਾ ਗੁਣਕਾਰੀ ਹੈ. ਇੰਦ੍ਰਜੌਂ, ਸੁਹਾਗਾ, ਭੁੰਨੀ ਹੋਈ ਹਿੰਗ, ਸੰਖ ਦੀ ਸੁਆਹ, ਚਾਰ ਚਾਰ ਮਾਸ਼ੇ, ਇਨ੍ਹਾਂ ਨੂੰ ਚੂਰਨ ਕਰਕੇ ਗਊ ਦੀ ਲੱਸੀ ਨਾਲ ਤਿੰਨ ਮਾਸ਼ੇ ਖਾਣਾ ਚੰਗਾ ਅਸਰ ਕਰਦਾ ਹੈ. ਉਦਰ ਰੋਗ ਵਾਲੇ ਨੂੰ ਸੱਠੀ ਦੇ ਚਾਉਲ ਜੌਂ ਮੂੰਗੀ ਗਊ ਦਾ ਦੁੱਧ ਗਊ ਦੀ ਲੱਸੀ ਕਰੇਲਾ ਅਤੇ ਜੰਗਲੀ ਜੀਵਾਂ ਦੇ ਮਾਸ ਦਾ ਸ਼ੋਰਵਾ ਵਰਤਣਾ ਗੁਣਕਾਰੀ ਹੈ.#ਅੱਗੇ ਲਿਖਿਆ ਨਾਰਾਯਣ ਚੂਰਣ ਉਦਰ ਦੇ ਸਾਰੇ ਰੋਗ ਦੂਰ ਕਰਦਾ ਹੈ- ਚਿੱਤੇ ਦੀ ਛਿੱਲ, ਹਰੜ, ਬਹੇੜਾ, ਆਉਲਾ, ਮਘਾਂ, ਕਾਲੀਆਂ ਮਿਰਚਾਂ, ਸੁੰਢ, ਜੀਰਾ, ਹਾਊਬੇਰ, ਬਚ, ਜਵਾਇਣ, ਪਿੱਪਲਾ ਮੂਲ, ਸੌਂਫ, ਬਨ ਤੁਲਸੀ, ਅਜਮੋਦ, ਕਚੂਰ, ਧਨੀਆ, ਵਾਇਵੜਿੰਗ, ਕਲੌਂਜੀ, ਪੁਹਕਰਮੂਲ, ਸੱਜੀਖਾਰ, ਜੌਂਖਾਰ, ਸੇਂਧਾ, ਸਾਂਭਰ, ਸੌਂਚਰ, ਬਿੜ ਅਤੇ ਸਮੁੰਦਰੀ ਲੂਣ, ਕੁੱਠ, ਇਹ ਅਠਾਈ ਦਵਾਈਆਂ ਇੱਕ ਇੱਕ ਤੋਲਾ ਲੈ ਕੇ ਬਰੀਕ ਕੁੱਟਣੀਆਂ, ਇਨ੍ਹਾਂ ਵਿੱਚ ਕੌੜਤੁੰਮੇ ਦੀ ਜੜ ਦੋ ਤੋਲੇ, ਨਿਸੋਥ ਤਿੰਨ ਤੋਲੇ, ਦੰਤੀ ਤਿੰਨ ਤੋਲੇ, ਪੀਲਾ ਥੋਹਰ ਚਾਰ ਤੋਲੇ, ਇਹ ਸਭ ਕੁੱਟ ਛਾਣਕੇ ਮਿਲਾਉਣ. ਇਹ ਚੂਰਣ ਬਲ ਉਮਰ ਅਨੁਸਾਰ ਦੋ ਮਾਸੇ ਤੋਂ ਚਾਰ ਮਾਸ਼ੇ ਤੀਕ ਸੇਵਨ ਕੀਤਾ ਬਹੁਤ ਲਾਭ ਦਾਇਕ ਹੈ.#ਜਲੋਦਰ, ਲਿੱਫ, ਵਾਉਗੋਲਾ, ਆਦਿ ਭੀ ਉਦਰ ਰੋਗ ਸੱਦੀਦੇ ਹਨ. ਇਨ੍ਹਾਂ ਨੂੰ ਭੀ ਨਾਰਾਯਣ ਚੂਰਣ ਗੁਣਕਾਰੀ ਹੈ.


ਉਦਰ (ਪੇਟ) ਦੀ ਅਗਨਿ. ਦੇਖੋ, ਉਦਰਜ੍ਵਾਲਾ.


ਸੰ. ਸੰਗ੍ਯਾ- ਪੇਟ ਦਾ ਆਮਯ (ਰੋਗ). ਢਿੱਡ ਦੀ ਬੀਮਾਰੀ. ਉਦਰਰੋਗ.


ਉਦਰ (ਪੇਟ) ਵਿੱਚ। ੨. ਛਾਤੀ ਨਾਲ. ਦੇਖੋ, ਉਦਰ ੨। ੩. ਗਰਭ- ਵਿੱਚ.