ਪੰਜਾਬ ਵਿੱਚ ਮੌਸਮ ਵਿੱਚ ਬਦਲਾਅ ਦੇ ਕਾਰਨ ਅੱਜ (3 ਮਾਰਚ ਨੂੰ) ਮੀਂਹ ਅਤੇ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਇਸ ਦਿਨ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ, ਇਸ ਅਲਰਟ ਦੇ ਤਹਿਤ, ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਤੂਫ਼ਾਨ ਅਤੇ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਜਿਸ ਨਾਲ ਸੜਕਾਂ 'ਤੇ ਸਫ਼ਰ ਕਰ ਰਹੇ ਲੋਕਾਂ ਨੂੰ ਰਾਹ ਵਿੱਚ ਦਿੱਕਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਪਿਆ ਸੀ, ਜਿਸ ਨਾਲ ਤਾਪਮਾਨ ਵਿੱਚ 2.5 ਡਿਗਰੀ ਦੀ ਗਿਰਾਵਟ ਆਈ। ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ, ਪਰ ਸ਼ਨੀਵਾਰ ਨੂੰ ਖੁਸ਼ਕ ਮੌਸਮ ਦੇ ਕਾਰਨ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਦਿਨ ਮੋਹਾਲੀ ਵਿੱਚ ਸਭ ਤੋਂ ਵੱਧ ਤਾਪਮਾਨ 26.8 ਡਿਗਰੀ ਰਿਹਾ। ਸ਼ਨੀਵਾਰ ਨੂੰ ਕਈ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ 13 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਜਿਵੇਂ ਕਿ ਲੁਧਿਆਣਾ ਵਿੱਚ 11.2 ਡਿਗਰੀ, ਪਟਿਆਲਾ ਵਿੱਚ 13.2 ਡਿਗਰੀ ਅਤੇ ਪਠਾਨਕੋਟ ਵਿੱਚ 10.2 ਡਿਗਰੀ। ਫਿਰੋਜ਼ਪੁਰ, ਫਾਜ਼ਿਲਕਾ, ਅਤੇ ਬਠਿੰਡਾ ਵਿੱਚ ਵੀ ਤਾਪਮਾਨ 12 ਡਿਗਰੀ ਦੇ ਆਸ-ਪਾਸ ਸੀ। ਜਲੰਧਰ ਅਤੇ ਅੰਮ੍ਰਿਤਸਰ ਵਿੱਚ ਵੀ ਤਾਪਮਾਨ ਘੱਟ ਸੀ, ਜਿੱਥੇ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 22.3 ਡਿਗਰੀ ਅਤੇ ਲੁਧਿਆਣਾ ਵਿੱਚ 23.6 ਡਿਗਰੀ ਦਰਜ ਕੀਤਾ ਗਿਆ। ਪਟਿਆਲਾ ਵਿੱਚ 24.6 ਡਿਗਰੀ, ਪਠਾਨਕੋਟ ਵਿੱਚ 24.4 ਡਿਗਰੀ, ਅਤੇ ਬਠਿੰਡਾ ਵਿੱਚ 22.6 ਡਿਗਰੀ ਦਰਜ ਕੀਤਾ ਗਿਆ, ਜੋ ਆਮ ਤਾਪਮਾਨ ਨਾਲੋਂ 1.5 ਡਿਗਰੀ ਘੱਟ ਸੀ।
ਮੌਸਮ ਦੇ ਇਸ ਬਦਲਾਅ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਖਾਸ ਕਰਕੇ, ਪਟਿਆਲਾ ਜ਼ਿਲ੍ਹੇ ਵਿੱਚ ਕਣਕ ਦੀ ਫਸਲ ਨੂੰ ਮੀਂਹ ਅਤੇ ਗੜੇਮਾਰੀ ਦੇ ਕਾਰਨ ਨੁਕਸਾਨ ਪਹੁੰਚਿਆ ਹੈ। ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੇ ਸਿੱਟੇ ਝੜ ਗਏ ਹਨ। ਕਿਸਾਨਾਂ ਦੇ ਅਨੁਸਾਰ, ਮਾਰਚ ਵਿੱਚ ਸਿੱਟਿਆਂ ਵਿੱਚ ਦਾਣੇ ਪੈਣੇ ਸਨ। ਪਰ ਮੌਸਮ ਦੀ ਖਰਾਬੀ ਕਾਰਨ ਸਿੱਟੇ ਝੜ ਗਏ ਅਤੇ ਫਸਲਾਂ ਤਬਾਹ ਹੋ ਗਈਆ ਹਨ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੇ ਮੰਨਿਆ ਕਿ ਘਨੌਰ ਹਲਕੇ ਦੇ ਪਿੰਡ ਮੰਜੋਲੀ ਵਿੱਚ 500 ਏਕੜ ਵਿੱਚ ਲੱਗੀ ਕਣਕ ਦੀ ਫ਼ਸਲ ਨੂੰ 70 ਪ੍ਰਤੀਸ਼ਤ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ, ਸਨੂਰ ਦੇ ਪਿੰਡ ਮਲਕਾਪੁਰ ਵਿੱਚ ਕਣਕ ਦੀ ਫ਼ਸਲ ਜ਼ਮੀਨ 'ਤੇ ਡਿੱਗ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਸਬੰਧੀ ਰਿਪੋਰਟ ਤਿਆਰ ਕਰਕੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜ਼ਮੀਨ ਦਾ ਸਰਵੇਖਣ ਕਰਵਾਇਆ ਜਾਵੇ ਅਤੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।