ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੰਜਾਬ ਭਰ ਵਿੱਚ ਟਰੈਵਲ ਏਜੰਟਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ 19 ਐਫ.ਆਈ.ਆਰ 'ਤੇ ਆਧਾਰਤ ਹੈ, ਜੋ ਕਿ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਘੁਸਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਡਿਪੋਰਟ ਕੀਤੇ ਗਏ ਭਾਰਤੀ ਨੌਜਵਾਨਾਂ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਸ਼ੁਰੂ ਕੀਤੀ ਗਈ।
ਇਸ ਮਾਮਲੇ ਨੇ ਪਿਛਲੇ ਮਹੀਨੇ ਵੱਡਾ ਰੂਪ ਲੈ ਲਿਆ ਜਦੋਂ ਅਮਰੀਕਾ ਨੇ 131 ਪੰਜਾਬੀ ਨੌਜਵਾਨਾਂ ਨੂੰ ਅਮਰੀਕਾ-ਮੈਕਸੀਕੋ ਸਰਹੱਦ(donkey route) ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕਰਨ 'ਤੇ ਡਿਪੋਰਟ ਕਰ ਦਿੱਤਾ। ਇਸ ਦੇ ਤੁਰੰਤ ਬਾਅਦ, ਕੇਂਦਰੀ ਏਜੰਸੀ ਨੇ ਨੌਜਵਾਨਾਂ ਵਲੋਂ ਦੱਸੇ ਗਏ ਟ੍ਰੈਵਲ ਏਜੰਟਾਂ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ।
ਈ. ਡੀ. ਨੇ ਤੁਰੰਤ ਕਾਰਵਾਈ ਕਰਦਿਆਂ 11 ਡਿਪੋਰਟ ਕੀਤੇ ਨੌਜਵਾਨਾਂ ਨੂੰ ਜਲੰਧਰ ਸਥਿਤ ਆਪਣੇ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋਣ ਲਈ ਤਲਬ ਕੀਤਾ ਹੈ। ਇਹ ਨੌਜਵਾਨ ਓਹਨਾਂ ਟ੍ਰੈਵਲ ਏਜੰਟਾਂ ਬਾਰੇ ਗਵਾਹੀ ਦੇਣਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ₹45-₹55 ਲੱਖ ਦੀ ਰਕਮ ਲੈ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਸੀ।
ਸੋਮਵਾਰ ਨੂੰ, ਇੱਕ ਡਿਪੋਰਟ ਕੀਤੇ ਨੌਜਵਾਨ ਨੇ ਅੰਮ੍ਰਿਤਸਰ ਤੋਂ ਆ ਕੇ ਈ. ਡੀ. ਦੇ ਸਾਹਮਣੇ ਗਵਾਹੀ ਦਿੱਤੀ ਅਤੇ ਸੰਬੰਧਿਤ ਦਸਤਾਵੇਜ਼ ਵੀ ਜਮ੍ਹਾਂ ਕਰਵਾਏ। ਦਸਤਾਵੇਜ਼ਾਂ ਵਿੱਚ ਉਨ੍ਹਾਂ ਟ੍ਰੈਵਲ ਏਜੰਟਾਂ ਦੇ ਬੈਂਕ ਖਾਤੇ ਅਤੇ ਲੈਣ-ਦੇਣ ਦੀ ਜਾਣਕਾਰੀ ਸ਼ਾਮਲ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਭੁਗਤਾਨ ਕੀਤਾ ਸੀ।
25 ਫਰਵਰੀ ਨੂੰ, ਈ. ਡੀ. ਨੇ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਪੰਜ ਕਾਰੋਬਾਰੀ ਅਤੇ ਰਿਹਾਇਸ਼ੀ ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਥਾਵਾਂ ਮੈਸਰਜ਼ ਰੈੱਡ ਲੀਫ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ, ਮੈਸਰਜ਼ ਓਵਰਸੀਜ਼ ਪਾਰਟਨਰ ਐਜੂਕੇਸ਼ਨ ਕਨਸਲਟੈਂਟਸ, ਅਤੇ ਮੈਸਰਜ਼ ਇਨਫੋਵਿਜ਼ ਸਾਫਟਵੇਅਰ ਸਲਿਊਸ਼ਨ ਨਾਲ ਸੰਬੰਧਤ ਸਨ। ਛਾਪਿਆਂ ਦੌਰਾਨ, 19 ਲੱਖ ਰੁਪਏ ਨਕਦ, ਡਿਜੀਟਲ ਡਿਵਾਈਸ, ਜਾਅਲੀ ਦਸਤਾਵੇਜ਼, ਅਤੇ ਅਪਰਾਧਕ ਲੈਣ-ਦੇਣ ਨਾਲ ਸੰਬੰਧਤ ਲਿਸਟਾਂ ਜ਼ਬਤ ਕੀਤੀਆਂ ਗਈਆਂ।
ਈ. ਡੀ. ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਜਾਂਚ ਮੁੱਖ ਤੌਰ 'ਤੇ ਪੈਸੇ ਦੇ ਟ੍ਰੇਲ (money trail) ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਪਿੱਠਭੂਮੀ ਵਿੱਚ ਟ੍ਰੈਵਲ ਏਜੰਟਾਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਟ੍ਰੈਵਲ ਏਜੰਟਾਂ ਨੂੰ ਭੁਗਤਾਨ ਕੀਤਾ, ਉਨ੍ਹਾਂ ਦੇ ਖਾਤਿਆਂ ਦੀ ਵੀ ਜਾਂਚ ਪੜਤਾਲ ਕੀਤੀ ਜਾਵੇਗੀ।
ਜਾਂਚ ਦੌਰਾਨ, ਈ. ਡੀ. ਨੇ ਇਹ ਵੀ ਪਤਾ ਲਗਾਇਆ ਹੈ ਕਿ ਕਈ ਟ੍ਰੈਵਲ ਏਜੰਟਾਂ ਨੇ ਵੀਜ਼ਾ ਅਰਜ਼ੀਆਂ ਵਿੱਚ ਜਾਅਲੀ ਤਜਰਬਾ ਪੱਤਰ, ਨੌਕਰੀ ਦੇ ਦਸਤਾਵੇਜ਼ ਅਤੇ ਬੈਂਕ ਖਾਤਿਆਂ ਵਿੱਚ ਫੰਡਾਂ ਦੀ ਝੂਠੀ ਜਾਣਕਾਰੀ ਦੇ ਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ। ਇਹ ਵੀ ਖੁਲਾਸਾ ਹੋਇਆ ਕਿ ਟ੍ਰੈਵਲ ਏਜੰਟਾਂ ਨੇ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਵਸੂਲ ਕੇ ਇਹ ਰਕਮ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਕੇ ਅਪਣੀ ਅਚੱਲ (ਅੰਮੂਵੈਬਲ) ਜਾਇਦਾਦ ਵਿੱਚ ਨਿਵੇਸ਼ ਕੀਤਾ ਹੈ।
ਈ. ਡੀ. ਦੀ ਜਾਂਚ ਦੌਰਾਨ, ਨਵੀਂ ਦਿੱਲੀ ਸਥਿਤ ਅਮਰੀਕਾ ਦੇ ਦੂਤਾਵਾਸ ਦੇ ਦਫਤਰ ਆਫ ਓਵਰਸੀਜ਼ ਕ੍ਰਿਮੀਨਲ ਇਨਵੈਸਟੀਗੇਸ਼ਨਜ਼ ਵਲੋਂ ਭੇਜੇ ਗਏ ਇੱਕ ਸ਼ਿਕਾਇਤ ਪੱਤਰ ਤੋਂ ਬਾਅਦ ਸ਼ੁਰੂ ਕੀਤੀ ਗਈ। ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਨੂੰ ਵੀ ਵਿਦਿਆਰਥੀਆਂ ਦੇ ਸ਼ੋਸ਼ਣ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਅੱਗੇ ਵਧਾਈ ਗਈ।
ਇਸ ਮਾਮਲੇ ਵਿੱਚ ਈ. ਡੀ. ਨੇ ਸੰਕੇਤ ਦਿੱਤੇ ਹਨ ਕਿ ਜਲਦੀ ਹੀ ਹੋਰ ਟ੍ਰੈਵਲ ਏਜੰਟਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਦੂਜੇ ਪਾਸੇ, ਜਿਨ੍ਹਾਂ ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ, ਉਨ੍ਹਾਂ ਦੀ ਵੀ ਮੁੜ ਪੁਸ਼ਟੀ ਕੀਤੀ ਜਾ ਰਹੀ ਹੈ।
ਈ. ਡੀ. ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਅਪਰਾਧਿਕ ਕਮਾਈ ਨੂੰ ਜ਼ਬਤ ਕੀਤੀ ਜਾਵੇ।