ਆਸਟ੍ਰੇਲੀਆ ਭੇਜਣ ਦੇ ਨਾਂ 'ਤੇ 6.81 ਲੱਖ ਰੁਪਏ ਦੀ ਠੱਗੀ

fraud magnifier image

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ 6.81 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਲੁਧਿਆਣਾ ਦੀ ਇੱਕ ਔਰਤ ਨੇ ਸੈਕਟਰ-35 ਸਥਿਤ ਅੰਗਦ ਇਨਫੋ ਓਵਰਸੀਜ਼ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਦੇ ਮਾਲਕ ਰਾਜਦੀਪ ਸਿੰਘ ਅਤੇ ਉਸਦੇ ਸਹਿਯੋਗੀ ਸ਼ੈਲੀ ਸ਼ਰਮਾ ਵਿਰੁੱਧ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਅਮਨਦੀਪ ਕੌਰ, ਜੋ ਕਿ ਇੱਕ ਨਰਸ ਵਜੋਂ ਕੰਮ ਕਰਦੀ ਹੈ। ਉਸਨੇ ਦੱਸਿਆ ਕਿ ਜੁਲਾਈ 2023 ਵਿੱਚ ਉਸਦੇ ਪਤੀ ਦੇ ਦੋਸਤ ਨੇ ਉਨ੍ਹਾਂ ਨੂੰ ਆਸਟ੍ਰੇਲੀਆ ਦੀ ਪੀ.ਆਰ. ਲਈ ਅੰਗਦ ਇਨਫੋ ਓਵਰਸੀਜ਼ ਦੀ ਸਿਫਾਰਸ਼ ਕੀਤੀ। ਉਨ੍ਹਾਂ ਨੇ ਸੈਕਟਰ-35, ਚੰਡੀਗੜ੍ਹ ਵਿਖੇ ਕੰਪਨੀ ਦੇ ਦਫ਼ਤਰ ਵਿੱਚ ਜਾ ਕੇ ਰਾਜਦੀਪ ਸਿੰਘ ਅਤੇ ਸ਼ੈਲੀ ਸ਼ਰਮਾ ਨਾਲ ਮੁਲਾਕਾਤ ਕੀਤੀ। ਰਾਜਦੀਪ ਨੇ 16 ਲੱਖ ਰੁਪਏ ਲਾਗਤ ਦੱਸਦੇ ਹੋਏ ਭਰੋਸਾ ਦਿਵਾਇਆ ਕਿ 6 ਮਹੀਨਿਆਂ ਦੇ ਅੰਦਰ-ਅੰਦਰ ਵੀਜ਼ਾ ਲਗਾ ਦਿੱਤਾ ਜਾਵੇਗਾ।  

ਅਮਨਦੀਪ ਨੇ ਦੱਸਿਆ ਕਿ ਰਾਜਦੀਪ ਅਤੇ ਸ਼ੈਲੀ ਦੇ ਵਿਸ਼ਵਾਸ ਵਿੱਚ ਆ ਕੇ ਉਨ੍ਹਾਂ ਨੇ 19 ਜੁਲਾਈ 2023 ਨੂੰ ਪਹਿਲੀ ਕਿਸ਼ਤ ਦੇ ਤੌਰ 'ਤੇ ₹1.35 ਲੱਖ ਰੁਪਏ ਦਾ ਭੁਗਤਾਨ ਕਰ ਦਿੱਤਾ। ਅਗਲੇ ਕੁਝ ਮਹੀਨਿਆਂ ਵਿੱਚ ਨਵੰਬਰ 2023 ਵਿੱਚ ₹2.11 ਲੱਖ, ਮਾਰਚ 2024 ਵਿੱਚ ₹1.5 ਲੱਖ ਅਤੇ ਹੋਰ ਵਾਰ-ਵਾਰ ਕਰ ਕੇ ਕੁੱਲ ₹6.81 ਲੱਖ ਰੁਪਏ ਦੀ ਰਕਮ ਅਦਾਇਗੀ ਕਰ ਦਿੱਤੀ। ਜਦ ਵੀ ਅਮਨਦੀਪ ਜਾਂ ਉਸਦੇ ਪਤੀ ਨੇ ਵੀਜ਼ਾ ਸਬੰਧੀ ਪੁੱਛਗਿੱਛ ਕੀਤੀ, ਰਾਜਦੀਪ ਅਤੇ ਸ਼ੈਲੀ ਹਮੇਸ਼ਾ ਟਾਲ-ਮਟੋਲ ਕਰਦੇ ਰਹੇ। ਅਕਤੂਬਰ 2024 ਵਿੱਚ ਅਮਨਦੀਪ ਨੇ ਰਾਜਦੀਪ ਨੂੰ ਉੱਤਰਾਖੰਡ ਵਿਖੇ ਮਿਲ ਕੇ ₹1.25 ਲੱਖ ਹੋਰ ਦਿੱਤੇ, ਪਰ ਵੀਜ਼ਾ ਪ੍ਰਕਿਰਿਆ ਅੱਗੇ ਨਹੀਂ ਵਧੀ।  

ਨਵੰਬਰ 2024 ਵਿੱਚ ਜਦ ਅਮਨਦੀਪ ਨੇ ਆਪਣੇ ਪੈਸੇ ਵਾਪਸ ਮੰਗਣ ਲਈ ਦਫ਼ਤਰ ਗਈ, ਤਾਂ ਉਨ੍ਹਾਂ ਨੂੰ ਸ਼ੈਲੀ ਸ਼ਰਮਾ ਮਿਲੀ। ਜਦ ਅਮਨਦੀਪ ਨੇ ਜ਼ੋਰ ਪਾਇਆ, ਤਾਂ ਸ਼ੈਲੀ ਨੇ ਕਥਿਤ ਤੌਰ 'ਤੇ ਧਮਕੀ ਦਿੱਤੀ, "ਰਾਜਦੀਪ ਦੇ ਉੱਚੇ ਸੰਪਰਕ ਹਨ, ਜੋ ਮਰਜ਼ੀ ਕਰੋ।" ਕੁਝ ਦਿਨ ਬਾਅਦ ਪਤਾ ਲੱਗਾ ਕਿ ਰਾਜਦੀਪ ਅਤੇ ਸ਼ੈਲੀ ਦਫ਼ਤਰ ਬੰਦ ਕਰਕੇ ਫਰਾਰ ਹੋ ਗਏ ਹਨ।  

ਜਾਣਕਾਰੀ ਮੁਤਾਬਕ, 2 ਸਤੰਬਰ 2024 ਨੂੰ ਸੈਕਟਰ-35 ਪੁਲਿਸ ਥਾਣਾ ਵਿੱਚ ਰਾਜਦੀਪ ਵਿਰੁੱਧ ਇੱਕ ਹੋਰ ਠੱਗੀ ਮਾਮਲੇ ਦੀ ਐਫ.ਆਈ.ਆਰ. ਦਰਜ ਹੋ ਚੁਕੀ ਸੀ, ਜਿਸ ਵਿੱਚ ਰਾਜਦੀਪ ਨੂੰ ਗ੍ਰਿਫਤਾਰ ਕਰ ਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।  

ਅਮਨਦੀਪ ਕੌਰ ਦੀ ਨਵੀਂ ਸ਼ਿਕਾਇਤ ਉੱਤੇ, ਸੈਕਟਰ-36 ਪੁਲਿਸ ਥਾਣਾ ਨੇ ਰਾਜਦੀਪ ਸਿੰਘ ਅਤੇ ਸ਼ੈਲੀ ਸ਼ਰਮਾ ਵਿਰੁੱਧ ਧੋਖਾਧੜੀ, ਭਰੋਸਾ ਤੋੜਨ ਅਤੇ ਮਾਨਸਿਕ ਉਤਪੀੜਨ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ, "ਮੁਲਜ਼ਮਾਂ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 30 ਤੋਂ ਵੱਧ ਲੋਕਾਂ ਨਾਲ ਠੱਗੀ ਕੀਤੀ ਹੈ। ਅਸੀਂ ਦੋਵਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੇ ਹਾਂ।"  

ਅਮਨਦੀਪ ਕੌਰ ਨੇ ਪੁਲਿਸ ਤੋਂ ਨਿਵੇਦਨ ਕੀਤਾ ਕਿ ਉਹ ਰਾਜਦੀਪ ਸਿੰਘ ਅਤੇ ਸ਼ੈਲੀ ਸ਼ਰਮਾ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ। ਪੁਲਿਸ ਨੇ ਕਿਹਾ ਕਿ, "ਸਾਨੂੰ ਬਹੂਤ ਸਾਰੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ, ਅਸੀਂ ਜਲਦੀ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਾਂਗੇ।"

Gurpreet | 10/03/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ