ਪੂਰਬੀ ਆਸਟ੍ਰੇਲੀਆ ਵਿੱਚ ਭਾਰੀ ਬਾਰਿਸ਼ ਜਾਰੀ ਰਹਿਣ ਕਾਰਨ ਵੀਰਵਾਰ ਨੂੰ 50,000 ਤੋਂ ਵੱਧ ਲੋਕ ਫਸ ਗਏ।
ਸਿਡਨੀ ਤੋਂ 400 ਕਿਲੋਮੀਟਰ ਉੱਤਰ-ਪੂਰਬ ਵਿੱਚ ਮੋਟੋ ਦੇ ਇੱਕ ਪਿੰਡ ਵਿੱਚ 63 ਸਾਲਾ ਬਜ਼ੁਰਗ ਦੀ ਲਾਸ਼ ਮਿਲੀ ਹੈ ਅਤੇ ਘੱਟੋ-ਘੱਟ ਤਿੰਨ ਲੋਕ ਲਾਪਤਾ ਹਨ। ਨਿਊਜ਼ ਏਜੰਸੀ ਏਐਫਪੀ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਅਧਿਕਾਰੀਆਂ ਨੇ ਪੀੜਤਾਂ ਨੂੰ ਬਚਾਉਣ ਲਈ ਡਰੋਨ, ਕਿਸ਼ਤੀਆਂ ਅਤੇ ਹੈਲੀਕਾਪਟਰ ਭੇਜੇ ਹਨ।
ਸਿਰਫ਼ ਦੋ ਦਿਨਾਂ ਵਿੱਚ, ਨਿਊ ਸਾਊਥ ਵੇਲਜ਼ ਦੇ ਕੁਝ ਹਿੱਸਿਆਂ ਵਿੱਚ ਚਾਰ ਮਹੀਨਿਆਂ ਤੋਂ ਵੱਧ ਮੀਂਹ ਪਿਆ। ਸਾਰੀਆਂ ਨਦੀਆਂ ਭਰ ਗਈਆਂ, ਸੜਕਾਂ ਤੇ ਹੜ੍ਹ ਆ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਆਪਣੀਆਂ ਛੱਤਾਂ 'ਤੇ ਚੜ੍ਹਨਾ ਪਿਆ।
ਦੇਸ਼ ਦੇ ਰਾਸ਼ਟਰੀ ਪ੍ਰਸਾਰਕ ਏਬੀਸੀ ਦੁਆਰਾ ਕੀਤੀ ਰਿਪੋਰਟ ਅਨੁਸਾਰ ਐਮਰਜੈਂਸੀ ਮੁਖੀ ਬਾਇਰਨ ਨੇ ਕਿਹਾ, "ਅਸੀਂ ਛੱਤਾਂ ਅਤੇ ਘਰਾਂ ਦੀਆਂ ਉੱਪਰਲੀਆਂ ਮੰਜਿਲਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਬਚਾ ਰਹੇ ਹਾਂ।"
ਸਿਡਨੀ ਤੋਂ 300 ਕਿਲੋਮੀਟਰ ਉੱਤਰ ਵਿੱਚ ਸਥਿਤ ਟੇਰੀ ਸ਼ਹਿਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇੱਥੇ 415 ਮਿਲੀਮੀਟਰ ਤੱਕ ਮੀਂਹ ਪਿਆ ਹੈ ਜੋਕਿ ਮਈ ਮਹੀਨੇ ਪੈਣ ਵਾਲੇ ਆਮ ਨਾਲੋਂ ਚਾਰ ਗੁਣਾ ਵੱਧ ਮੀਂਹ ਹੈ।
ਨੇੜਲੇ ਕਸਬੇ ਕੈਂਪਸੀ ਵਿੱਚ, ਲਗਭਗ 20,000 ਲੋਕ ਫਸੇ ਹੋਏ ਹਨ ਜਿਨ੍ਹਾਂ ਕੋਲ ਭੋਜਨ, ਪਾਣੀ ਅਤੇ ਡਾਕਟਰੀ ਸਹਾਇਤਾ ਦੀ ਬਹੁਤ ਘੱਟ ਪਹੁੰਚ ਹੈ।
ਆਸਟ੍ਰੇਲੀਆ ਹਾਲ ਹੀ ਦੇ ਮਹੀਨਿਆਂ ਵਿੱਚ ਅਜੀਬ ਅਤੇ ਖਤਰਨਾਕ ਮੌਸਮ ਦਾ ਸਾਹਮਣਾ ਕਰ ਰਿਹਾ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਨੇ ਕਿਹਾ ਕਿ ਸਮੁੰਦਰ ਦਾ ਤਾਪਮਾਨ 2024 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ। ਗਰਮ ਸਮੁੰਦਰ ਹੋਰ ਮੀਂਹ ਅਤੇ ਤੇਜ਼ ਤੂਫਾਨ ਦਾ ਕਾਰਨ ਬਣ ਸਕਦੇ ਹਨ।
ਐਮਰਜੈਂਸੀ ਪ੍ਰਬੰਧਨ ਮੰਤਰੀ, ਕ੍ਰਿਸਟੀ ਮੈਕਬੇਨ ਨੇ ਚੇਤਾਵਨੀ ਦਿੱਤੀ ਕਿ ਮੀਂਹ ਅਜੇ ਰੁਕਿਆ ਨਹੀਂ ਹੈ ਅਤੇ ਕੁਝ ਨਦੀਆਂ ਵਿੱਚ ਅਜੇ ਵੀ ਪਾਣੀ ਦਾ ਪੱਧਰ ਬਹੁਤ ਜਿਆਦਾ ਹੈ।