ਸਿਡਨੀ ਵਾਸੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ। ਪੱਤਝੜ ਦੀ ਸ਼ੁਰੂਆਤ ਵਿੱਚ ਗਰਮੀ ਹੋਣ ਤੋਂ ਬਾਅਦ ਪੂਰੇ ਹਫ਼ਤੇ ਮੀਂਹ, ਨਮੀ ਵਾਲਾ ਮੌਸਮ ਜਾਰੀ ਰਹਿਣ ਦੀ ਉਮੀਦ ਹੈ ਅਤੇ ਨਿਊ ਸਾਊਥ ਵੇਲਜ਼ ਦੇ ਆਲੇ-ਦੁਆਲੇ ਹੜ੍ਹਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
ਮੌਸਮ ਵਿਗਿਆਨ ਬਿਊਰੋ ਨੇ ਮੰਗਲਵਾਰ ਅਤੇ ਸ਼ੁੱਕਰਵਾਰ ਦੇ ਵਿਚਕਾਰ ਸਿਡਨੀ ਵਿੱਚ 100mm ਤੋਂ ਵੱਧ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ। ਇਨ੍ਹਾਂ ਨੇ ਹਰ ਦਿਨ ਘੱਟੋ-ਘੱਟ 5mm ਤੋਂ 25mm ਦੇ ਵਿਚਕਾਰ ਮੀਂਹ ਦੀ ਭਵਿੱਖਬਾਣੀ ਕੀਤੀ ਸੀ।
ਨਿਊ ਸਾਊਥ ਵੇਲਜ਼ ਐਸ. ਈ. ਐਸ(SES) ਨੇ ਸੋਮਵਾਰ ਦੁਪਹਿਰ ਨੂੰ ਉੱਤਰੀ ਤੱਟ ਤੇ ਨਦੀਆਂ ਦੇ ਤੇਜ਼ ਵਹਾਅ ਕਾਰਨ ਹੜ੍ਹਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਹਨ।
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ, ਕ੍ਰਿਸ ਮਿਨਸ ਨੇ ਆਉਣ ਵਾਲੇ ਹਫ਼ਤੇ ਨੂੰ ਦੇਖਦੇ ਹੋਏ ਸੋਮਵਾਰ ਸਵੇਰੇ ਕਿਹਾ ਕਿ ਉਹ "ਵਾਅਦਾ ਨਹੀਂ ਕਰ ਸਕਦੇ" ਕਿ ਸੜਕਾਂ ਅਤੇ ਜਨਤਕ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪਵੇਗਾ। ਸਿਡਨੀ ਨਿਵਾਸੀਆਂ ਨੂੰ ਇਸ ਹਫ਼ਤੇ ਦੌਰਾਨ ਕਿਤੇ ਬਾਹਰ ਘੁੰਮਣ ਜਾਣ ਲਈ ਮੌਸਮ ਨੂੰ ਧਿਆਨ ਵਿੱਚ ਰੱਖਣ ਲਈ ਅਪੀਲ ਕੀਤੀ ਗਈ ਸੀ।
ਸ਼ਹਿਰ ਐਤਵਾਰ ਰਾਤ ਨੂੰ ਪਾਣੀ ਨਾਲ ਭਰਿਆ ਹੋਇਆ ਸੀ। ਸ਼ਹਿਰ ਦੇ ਉੱਤਰ ਵਿੱਚ ਟੈਰੀ ਹਿਲਜ਼ ਵਿੱਚ ਲਗਭਗ 60 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਦਿਨ ਦੌਰਾਨ ਆਬਜ਼ਰਵੇਟਰੀ ਹਿੱਲ 'ਤੇ 28 ਮਿਲੀਮੀਟਰ ਅਤੇ ਸ਼ਹਿਰ ਦੇ ਪੱਛਮ ਵਿੱਚ ਬੈਂਕਸਟਾਊਨ ਵਿੱਚ 40 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
ਐਤਵਾਰ ਦੁਪਹਿਰ 1 ਵਜੇ ਤੋਂ 24 ਘੰਟਿਆਂ ਦੇ ਅੰਦਰ ਨਿਊ ਸਾਊਥ ਵੇਲਜ਼ ਐਸ.ਈ.ਐਸ(SES) ਨੇ ਸਹਾਇਤਾ ਲਈ 137 ਕਾਲਾਂ ਦਾ ਜਵਾਬ ਦਿੱਤਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਨ੍ਹਾਂ ਦੇ ਉੱਤਰੀ ਜ਼ੋਨ ਵਿੱਚ, ਕੇਂਦਰੀ ਤੱਟ ਅਤੇ ਨੰਬੂਕਾ ਦੇ ਵਿਚਕਾਰ ਸਨ।
ਮੌਸਮ ਵਿਗਿਆਨ ਬਿਊਰੋ ਦੇ ਇੱਕ ਸੀਨੀਅਰ ਮੌਸਮ ਵਿਗਿਆਨੀ, ਐਂਗਸ ਹਾਈਨਜ਼ ਨੇ ਕਿਹਾ ਕਿ ਸਿਡਨੀ ਵਿੱਚ ਹਫ਼ਤੇ ਦੌਰਾਨ ਧੁੱਪ ਨਿਕਲੇਗੀ ਪਰ ਬਾਰਿਸ਼ ਜਾਰੀ ਰਹੇਗੀ।
ਮੱਧ-ਉੱਤਰੀ ਤੱਟ 'ਤੇ ਥੋੜ੍ਹੇ ਤੋਂ ਦਰਮਿਆਨੇ ਹੜ੍ਹ ਦੀ ਉਮੀਦ ਸੀ, ਭਾਰੀ ਬਾਰਿਸ਼ ਨਾਲ ਤੱਟਵਰਤੀ ਖੇਤਰਾਂ ਵਿੱਚ ਪਾਣੀ ਭਰਨ ਦੀ ਭਵਿੱਖਬਾਣੀ ਕੀਤੀ ਗਈ ਸੀ।
ਐਤਵਾਰ ਰਾਤ ਅਤੇ ਸੋਮਵਾਰ ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਹੰਟਰ ਖੇਤਰ ਦੀਆਂ ਕਈ ਨਦੀਆਂ ਲਈ ਹੜ੍ਹਾਂ ਦੀ ਨਿਗਰਾਨੀ ਵੀ ਸਥਾਪਿਤ ਕੀਤੀ ਗਈ ਸੀ। ਇਹ ਗਿਣਤੀ ਵਧਣ ਦੀ ਉਮੀਦ ਹੈ ਕਿਉਂਕਿ ਸੋਮਵਾਰ ਨੂੰ ਪੂਰੇ ਕੇਂਦਰੀ ਤੱਟ, ਨਿਊਕੈਸਲ ਅਤੇ ਹੰਟਰ ਵਿੱਚ ਬਾਰਿਸ਼ ਜਾਰੀ ਰਹੀ।
ਹਾਈਨਜ਼ ਨੇ ਕਿਹਾ ਕਿ ਉੱਤਰ-ਪੂਰਬੀ ਨਿਊ ਸਾਊਥ ਵੇਲਜ਼ ਵਿੱਚ ਲਗਾਤਾਰ ਕਈ ਦਿਨਾਂ ਤੱਕ ਬਾਰਿਸ਼ ਜਾਰੀ ਰਹਿ ਸਕਦੀ ਹੈ। "ਅਸੀਂ ਨਿਸ਼ਚਤ ਤੌਰ 'ਤੇ ਇਸ ਸੰਭਾਵਨਾ ਨੂੰ ਰੱਦ ਨਹੀਂ ਕਰ ਰਹੇ ਹਾਂ ਕਿ ਹਫ਼ਤੇ ਦੇ ਅੰਤ ਤੱਕ ਕੁਝ ਨਦੀਆਂ ਵਿੱਚ ਵੱਡਾ ਹੜ੍ਹ ਆ ਸਕਦਾ ਹੈ।"
ਬਿਊਰੋ ਨੇ ਸਿਡਨੀ ਅਤੇ ਪੋਰਟ ਮੈਕਵੇਰੀ ਦੇ ਵਿਚਕਾਰ ਨਿਊ ਸਾਊਥ ਵੇਲਜ਼ ਤੱਟ ਦੇ ਨਾਲ ਕਈ ਖਤਰਨਾਕ ਚੇਤਾਵਨੀਆਂ ਵੀ ਜਾਰੀ ਕੀਤੀਆਂ, ਜਿਸ ਵਿੱਚ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਦੇ ਝੱਖੜ ਆਉਣ ਦੀ ਉਮੀਦ ਹੈ।
ਹਾਈਨਜ਼ ਨੇ ਚੇਤਾਵਨੀ ਦਿੱਤੀ ਕਿ ਸੋਮਵਾਰ ਦੁਪਹਿਰ ਨੂੰ ਖਤਰਨਾਕ ਤੱਟਵਰਤੀ ਸਥਿਤੀਆਂ ਵਧਣ ਦੀ ਸੰਭਾਵਨਾ ਹੈ। ਇਸ ਲਈ ਮੱਛੀਆਂ ਫੜਨ, ਤੈਰਾਕੀ, ਬੋਟਿੰਗ ਅਤੇ ਸਰਫਿੰਗ ਵਰਗੀਆਂ ਗਤੀਵਿਧੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਮੌਸਮ ਬਿਊਰੋ ਨੇ ਕਿਹਾ ਕਿ ਹਫ਼ਤੇ ਦੇ ਅੰਤ ਤੱਕ ਵਿਕਟੋਰੀਆ, ਤਸਮਾਨੀਆ, ਦੱਖਣੀ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਦੇ ਜ਼ਿਆਦਾਤਰ ਹਿੱਸਿਆਂ ਲਈ ਰਾਤ ਦਾ ਘੱਟੋ-ਘੱਟ ਤਾਪਮਾਨ 4-10 ਡਿਗਰੀ ਸੈਲਸੀਅਸ ਸੀਮਾ ਵਿੱਚ ਵਾਪਸ ਆ ਜਾਵੇਗਾ।