ਪਾਕਿਸਤਾਨ ਵਿੱਚ ਭਾਰੀ ਮੀਂਹ ਅਤੇ ਹਨੇਰੀ ਨੇ ਮਚਾਇਆ ਕਹਿਰ: 20 ਲੋਕਾਂ ਦੀ ਮੌਤ ਅਤੇ 150 ਤੋਂ ਵੱਧ ਜ਼ਖਮੀ

rainfall in pakistan

ਪਾਕਿਸਤਾਨ ਦੀ ਸੂਬਾਈ ਸਰਕਾਰ ਨੇ ਐਤਵਾਰ ਨੂੰ ਦੱਸਿਆ ਕਿ, "ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਤੂਫਾਨ ਅਤੇ ਭਾਰੀ ਮੀਂਹ ਨਾਲ ਸਬੰਧਿਤ ਘਟਨਾਵਾਂ ਵਿੱਚ ਬੱਚਿਆਂ ਸਮੇਤ ਘੱਟੋ-ਘੱਟ 20 ਲੋਕ ਮਾਰੇ ਗਏ ਅਤੇ 150 ਤੋਂ ਵੱਧ ਜ਼ਖਮੀ ਹੋਏ ਹਨ।"

ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਰਾਜਧਾਨੀ ਇਸਲਾਮਾਬਾਦ ਅਤੇ ਖੈਬਰ ਪਖਤੂਨਖਵਾ ਵਿੱਚ ਵੀ ਕਹਿਰ ਮਚਾਇਆ, ਜਿਸ ਨਾਲ ਫਸਲਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਲਾਂਕਿ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਭਾਰੀ ਮੀਂਹ ਦੇ ਨਾਲ ਆਏ ਤੂਫਾਨਾਂ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਇਕੱਠਾ ਹੋ ਗਿਆ ਅਤੇ ਕਈ ਥਾਵਾਂ 'ਤੇ ਦਰੱਖਤ ਡਿੱਗ ਗਏ।

ਕਰਾਚੀ ਤੋਂ ਲਾਹੌਰ ਜਾ ਰਹੀ ਇੱਕ ਨਿੱਜੀ ਏਅਰਲਾਈਨ ਦੀ ਉਡਾਣ FL-842 ਵੀ ਲਾਹੌਰ ਹਵਾਈ ਅੱਡੇ 'ਤੇ ਉੱਤਰਦੇ ਸਮੇਂ ਭਾਰੀ ਗੜਬੜੀ ਵਿੱਚ ਫਸ ਗਈ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਨ ਤੋਂ ਵਾਲ-ਵਾਲ ਬਚ ਗਈ।

 ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਜਹਾਜ਼ ਵਿੱਚ ਸਵਾਰ ਯਾਤਰੀ, ਕੁਰਾਨ ਦੀਆਂ ਆਇਤਾਂ ਦਾ ਪਾਠ ਕਰਦੇ ਹੋਏ ਦੇਖੇ ਗਏ। ਉਨ੍ਹਾਂ ਨੂੰ ਰੋਂਦੇ ਅਤੇ ਸੁਰੱਖਿਅਤ ਲੈਂਡਿੰਗ ਲਈ ਪ੍ਰਾਰਥਨਾ ਕਰਦੇ ਦੇਖਿਆ ਗਿਆ। ਕਿਉਂਕਿ ਮੌਸਮ ਖ਼ਰਾਬ ਹੋਣ ਕਾਰਨ ਜਹਾਜ਼ ਹਵਾਈ ਅੱਡੇ 'ਤੇ ਉੱਤਰ ਨਹੀਂ ਸਕਿਆ, ਇਸ ਲਈ ਹਵਾਈ ਆਵਾਜਾਈ ਕੰਟਰੋਲ ਨੇ ਪਾਇਲਟ ਨੂੰ ਜਹਾਜ਼ ਨੂੰ ਕਰਾਚੀ ਵਾਪਸ ਲਿਜਾਣ ਦੀ ਸਲਾਹ ਦਿੱਤੀ।

ਪੰਜਾਬ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਦੇ ਅਨੁਸਾਰ, ਲਾਹੌਰ ਅਤੇ ਜੇਹਲਮ ਵਿੱਚ ਤਿੰਨ-ਤਿੰਨ, ਸਿਆਲਕੋਟ ਅਤੇ ਮੁਜ਼ੱਫਰਗੜ੍ਹ ਵਿੱਚ ਦੋ-ਦੋ ਅਤੇ ਸ਼ੇਖੂਪੁਰਾ, ਨਨਕਾਣਾ ਸਾਹਿਬ, ਅਟਕ, ਮੁਲਤਾਨ, ਰਾਜਨਪੁਰ, ਹਾਫਿਜ਼ਾਬਾਦ, ਮੀਆਂਵਾਲੀ, ਝੰਗ ਗੁਜਰਾਂਵਾਲਾ ਅਤੇ ਲੈਯਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ ਕਿਉਂਕਿ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਡਿੱਗ ਗਈਆਂ ਅਤੇ ਉਨ੍ਹਾਂ 'ਤੇ ਦਰੱਖਤ ਡਿੱਗ ਗਏ।

ਸੋਲਰ ਪੈਨਲਾਂ ਅਤੇ ਬਿਲਬੋਰਡਾਂ ਦੇ ਡਿੱਗਣ ਦੀਆਂ ਦੋ ਦਰਜਨਾਂ ਤੋਂ ਵੀ ਵੱਧ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਵਿਚਕਾਰ ਘਟਨਾਵਾਂ ਤੋਂ ਬਚਾਅ ਲਈ ਮੋਟਰਵੇਅ ਪੁਲਿਸ ਨੇ ਸੁਰੱਖਿਆ ਚਿੰਤਾਵਾਂ ਕਾਰਨ ਕਈ ਰਸਤੇ ਬੰਦ ਕਰ ਦਿੱਤੇ ਕਿਉਂਕਿ ਤੂਫਾਨ ਕਾਰਨ ਬਹੁਤ ਸਾਰੇ ਦਰੱਖਤ ਸੜਕਾਂ ਤੇ ਡਿੱਗ ਗਏ ਹਨ।

Gurpreet | 26/05/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ