ਦੇਸ਼ ਦੇ ਕੁਝ ਹਿੱਸਿਆਂ ਵਿੱਚ ਤੇਜ਼ੀ ਨਾਲ ਵਧ ਰਹੀ ਜੰਗਲੀ ਅੱਗ ਦੇ ਕਾਰਨ ਕੈਨੇਡੀਅਨ ਸੂਬੇ ਮੈਨੀਟੋਬਾ ਤੋਂ ਲਗਭਗ 17,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ।
ਦੂਰ-ਦੁਰਾਡੇ ਇਲਾਕਿਆਂ ਵਿੱਚ ਕੁਝ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਲਈ ਇੱਕ ਫੌਜੀ ਜਹਾਜ਼ ਅਤੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ ਹੈ ਕਿਉਂਕਿ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਲਗਾਤਾਰ ਵਧ ਰਹੀ ਅੱਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਕਰਕੇ ਆਉਣ ਵਾਲੇ ਦਿਨਾਂ ਵਿੱਚ ਗਰਮ ਅਤੇ ਖੁਸ਼ਕ ਮੌਸਮ ਰਹਿਣ ਦੀ ਉਮੀਦ ਹੈ।
ਕਾਫੀ ਸੰਘਣਾ ਧੂੰਆਂ ਪੂਰੇ ਕੈਨੇਡਾ ਅਤੇ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਫੈਲ ਗਿਆ ਹੈ। ਸਸਕੈਚਵਨ(Saskatchewan) ਅਤੇ ਮੈਨੀਟੋਬਾ ਦੋਵਾਂ ਨੇ ਅਗਲੇ ਮਹੀਨੇ ਲਈ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ ਅਤੇ ਅੱਗ ਨੂੰ ਕਾਬੂ ਕਰਨ ਲਈ ਅੰਤਰਰਾਸ਼ਟਰੀ ਮਦਦ ਦੀ ਮੰਗ ਕੀਤੀ ਹੈ।
ਸਸਕੈਚਵਨ ਵਿੱਚ, ਸ਼ਨੀਵਾਰ ਤੱਕ 17 ਜੰਗਲੀ ਅੱਗਾਂ ਬਲ ਰਹੀਆਂ ਹਨ, ਜਿਨ੍ਹਾਂ ਵਿੱਚੋਂ ਅੱਠ ਨੂੰ ਕਾਬੂ ਵਿੱਚ ਨਹੀਂ ਕੀਤਾ ਜਾ ਸਕਿਆ। ਕੈਨੇਡੀਅਨ ਇੰਟਰਾਜੈਂਸੀ ਫੋਰੈਸਟ ਫਾਇਰ ਸੈਂਟਰ (CIFFC) ਨੇ ਸੂਬੇ ਵਿੱਚ ਸਥਿਤੀ ਨੂੰ ਬਹੁਤ ਜ਼ਿਆਦਾ ਗੰਭੀਰ ਦੱਸਿਆ ਹੈ।
ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਨੇ ਸ਼ਨੀਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਚੇਤਾਵਨੀ ਦਿੱਤੀ ਕਿ ਖੁਸ਼ਕ ਮੌਸਮ ਦੇ ਹਾਲਾਤ ਬਣੇ ਰਹਿਣ ਕਾਰਨ ਅੱਗ ਹੋਰ ਵਧ ਸਕਦੀ ਹੈ।
ਮਿਸਟਰ ਮੋ ਨੇ ਕਿਹਾ, "ਅਗਲੇ ਚਾਰ ਤੋਂ ਸੱਤ ਦਿਨ ਬਹੁਤ ਔਖੇ ਹਨ ਜਦੋਂ ਤੱਕ ਅਸੀਂ ਮੌਸਮ ਦੇ ਪੈਟਰਨਾਂ ਵਿੱਚ ਕੋਈ ਬਦਲਾਅ ਨਹੀਂ ਲੱਭ ਲੈਂਦੇ ਅਤੇ ਜਦ ਤੱਕ ਪੂਰੇ ਉੱਤਰ ਵਿੱਚ ਭਾਰੀ ਮੀਂਹ ਨਹੀਂ ਪੈਂਦਾ।"
ਅੱਗ ਫੈਲਣ ਕਾਰਨ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਨੇ ਵੀ ਕਈ ਵੱਡੇ ਹਿੱਸਿਆਂ ਵਿੱਚ ਲੋਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ। ਮੈਨੀਟੋਬਾ ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਬੀਬੀਸੀ ਨੂੰ ਦੱਸਿਆ ਕਿ ਪੁਕਾਟਾਵਾਗਨ ਦੇ ਉੱਤਰੀ ਫਸਟ ਨੇਸ਼ਨਜ਼ ਭਾਈਚਾਰੇ ਦੇ ਨਿਵਾਸੀਆਂ ਦੇ ਘਰ ਖਾਲੀ ਕਰਵਾਏ ਜਾ ਰਹੇ ਹਨ।
ਕੈਨੇਡੀਅਨ ਆਰਮਡ ਫੋਰਸਿਜ਼, ਮੈਨੀਟੋਬਾ ਵਾਈਲਡਫਾਇਰ ਸਰਵਿਸ ਅਤੇ ਮੈਨੀਟੋਬਾ ਦੀ ਹੈਵੀ ਅਰਬਨ ਸਰਚ ਐਂਡ ਰੈਸਕਿਊ ਟੀਮ ਮੈਨੀਟੋਬਾ ਦੇ ਉੱਤਰੀ ਖੇਤਰਾਂ ਤੋਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲਿਆਉਣ ਲਈ ਇੱਕ ਫੌਜੀ ਜਹਾਜ਼ ਅਤੇ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੀ ਹੈ।
ਮੈਨੀਟੋਬਾ ਦੇ 5,000 ਲੋਕਾਂ ਦੇ ਸ਼ਹਿਰ ਫਲਿਨ ਫਲੋਨ ਵਿੱਚ, ਸ਼ਹਿਰ ਵਿੱਚ ਸਿਰਫ਼ ਅੱਗ ਬੁਝਾਉਣ ਵਾਲੇ ਅਤੇ ਸਹਾਇਤਾ ਕਰਮਚਾਰੀ ਬਚੇ ਹਨ। ਸੂਬੇ ਦੀ ਫਾਇਰ ਸਥਿਤੀ ਰਿਪੋਰਟ ਦੇ ਅਨੁਸਾਰ, ਮੈਨੀਟੋਬਾ ਵਿੱਚ ਕੁੱਲ 25 ਸਰਗਰਮ ਅੱਗਾਂ ਹਨ ਜਿਨ੍ਹਾਂ ਵਿੱਚੋਂ 11 ਨੂੰ ਕਾਬੂ ਤੋਂ ਬਾਹਰ ਸ਼੍ਰੇਣੀਬੱਧ ਕੀਤਾ ਗਿਆ ਹੈ।
ਵਿਨੀਪੈਗ ਸਥਿਤ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਦੇ ਮੌਸਮ ਵਿਗਿਆਨੀ, ਡੈਨੀਅਲ ਡੇਸਜਾਰਡਿਨਜ਼ ਨੇ ਬੀਬੀਸੀ ਨੂੰ ਦੱਸਿਆ ਕਿ ਦੋਵਾਂ ਸੂਬਿਆਂ ਲਈ ਆਉਣ ਵਾਲੇ ਦਿਨਾਂ ਲਈ ਨਿਸ਼ਚਿਤ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ।
ਜਦੋਂ ਕਿ ਸਸਕੈਚਵਨ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੇ ਆਉਣ ਦੀ ਉਮੀਦ ਹੈ। ਇਹ ਉਨ੍ਹਾਂ ਖੇਤਰਾਂ ਵਿੱਚ ਰਾਹਤ ਨਹੀਂ ਲਿਆਏਗਾ ਜਿੱਥੇ ਅੱਗ ਬਲ ਰਹੀ ਹੈ।
ਅੱਗ ਤੋਂ ਨਿਕਲਣ ਵਾਲੇ ਧੂੰਏਂ ਨੇ ਇਸ ਹਫਤੇ ਦੇ ਅੰਤ ਵਿੱਚ ਅੰਦਾਜ਼ਨ 22 ਮਿਲੀਅਨ ਅਮਰੀਕੀਆਂ ਨੂੰ ਹਵਾ ਦੀ ਗੁਣਵੱਤਾ ਸਬੰਧੀ ਚੇਤਾਵਨੀਆਂ ਮਿਲੀਆਂ ਹਨ। ਉੱਤਰੀ ਮਿਨੀਸੋਟਾ ਵਿੱਚ, ਨਿਵਾਸੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਧੂੰਆਂ ਸਾਰਿਆਂ ਲਈ ਬਹੁਤ ਮਾੜੇ ਪੱਧਰ ਤੱਕ ਪਹੁੰਚ ਸਕਦਾ ਹੈ। ਇਹ ਚੇਤਾਵਨੀ ਸੋਮਵਾਰ ਸ਼ਾਮ ਤੱਕ ਜਾਰੀ ਹੈ।
ਕੈਨੇਡਾ ਨੇ 2023 ਵਿੱਚ ਆਪਣੇ ਖੇਤਰ ਵਿੱਚ ਸਭ ਤੋਂ ਭੈੜੀਆਂ ਜੰਗਲੀ ਅੱਗਾਂ ਦੇ ਸੀਜ਼ਨ ਦਾ ਅਨੁਭਵ ਕੀਤਾ ਸੀ, ਜਦੋਂ 42 ਮਿਲੀਅਨ ਏਕੜ (17.3 ਮਿਲੀਅਨ ਹੈਕਟੇਅਰ) ਤੋਂ ਵੱਧ ਜੰਗਲ ਸੜ ਗਿਆ ਸੀ।
ਕੈਨੇਡਾ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿੱਚ ਅੱਗ ਕੁਦਰਤੀ ਤੌਰ 'ਤੇ ਲੱਗਦੀ ਹੈ। ਪਰ ਸੰਯੁਕਤ ਰਾਸ਼ਟਰ ਦੀ ਜਲਵਾਯੂ ਸੰਸਥਾ ਦੇ ਅਨੁਸਾਰ, ਜਲਵਾਯੂ ਪਰਿਵਰਤਨ ਜੰਗਲ ਦੀ ਅੱਗ ਫੈਲਣ ਲਈ ਲੋੜੀਂਦੀਆਂ ਮੌਸਮੀ ਸਥਿਤੀਆਂ ਨੂੰ ਵਧੇਰੇ ਸੰਭਾਵਿਤ ਬਣਾ ਰਿਹਾ ਹੈ।