ਦਿੜ੍ਹਬਾ ਵਿੱਚ 7.20 ਕਰੋੜ ਦੀ ਲਾਗਤ ਨਾਲ ਬਣੇਗਾ ਬਹੁ-ਮੰਤਵੀ ਇਨਡੋਰ ਖੇਡ ਸਟੇਡੀਅਮ: ਹਰਪਾਲ ਚੀਮਾ

ਦਿੜ੍ਹਬਾ ਵਿੱਚ 7.20 ਕਰੋੜ ਦੀ ਲਾਗਤ ਨਾਲ ਬਣੇਗਾ ਬਹੁ-ਮੰਤਵੀ ਇਨਡੋਰ ਖੇਡ ਸਟੇਡੀਅਮ: ਹਰਪਾਲ ਚੀਮਾ

ਪੰਜਾਬ ਦੇ ਵਿੱਤ  ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ  ਦਿੜ੍ਹਬਾ ਵਿਖੇ ਬਹੁ-ਮੰਤਵੀ ਇਨਡੋਰ ਖੇਡ ਸਟੇਡੀਅਮ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ।

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਵੱਡੇ ਪੱਧਰ 'ਤੇ ਖੇਡ ਸੱਭਿਆਚਾਰ ਨੂੰ ਬਕਾਇਦਾ ਪ੍ਰਫੁੱਲਤ ਕਰ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਇੱਥੇ  7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇਨਡੋਰ ਖੇਡ ਸਟੇਡੀਅਮ ਦਾ  ਨੀਂਹ ਪੱਥਰ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਦਿੜ੍ਹਬਾ ਦੇ ਹੋਣਹਾਰ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਮੁਕਾਬਲਿਆਂ ਲਈ ਆਪਣੇ ਹੁਨਰ ਨੂੰ ਨਿਖਾਰਨ ਲਈ ਮੰਚ ਪ੍ਰਦਾਨ ਕਰੇਗਾ।

ਕੈਬਨਿਟ ਮੰਤਰੀ ਚੀਮਾ ਨੇ ਸ਼ਹੀਦ ਬਚਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਦੇ ਅੰਦਰ ਬਣਨ ਵਾਲੇ ਬਹੁਮੰਤਵੀ ਸਟੇਡੀਅਮ ਦਾ ਨੀਂਹ ਪੱਥਰ ਮਹਾਨ ਮੁੱਕੇਬਾਜ਼ ਪਦਮ ਸ੍ਰੀ ਜੇਤੂ ਕੌਰ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਰਣਜੀਤ ਕੌਰ ਅਤੇ ਉੱਘੇ ਕਬੱਡੀ ਖਿਡਾਰੀ ਗੁਰਮੇਲ ਸਿੰਘ ਸਵਰਗਵਾਸੀ ਦੀ ਧਰਮ ਪਤਨੀ ਸ੍ਰੀਮਤੀ ਪਰਮਜੀਤ ਕੌਰ ਦੀ ਹਾਜ਼ਰੀ ਵਿੱਚ ਰੱਖਿਆ। 

ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡ ਪ੍ਰੇਮੀਆਂ ਦੀ ਚਿਰੋਕਣੀ ਮੰਗ ਜਲਦੀ ਹੀ ਪੂਰੀ ਹੋਣ ਜਾ ਰਹੀ ਹੈ ਅਤੇ ਦਿੜ੍ਹਬਾ ਖੇਤਰ ਦੇ ਹੋਣਹਾਰ ਖਿਡਾਰੀ ਕਬੱਡੀ ਅਤੇ ਬਾਕਸਿੰਗ ਦੇ ਨਾਲ-ਨਾਲ  11 ਵੱਖ-ਵੱਖ ਖੇਡਾਂ ਵਿੱਚ ਆਪਣੀ ਖੇਡ ਕਲਾ ਦੇ ਜੌਹਰ ਦਿਖਾਉਣਗੇ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਦਮ ਸ਼ਿਰੀ ਜੇਤੂ ਕੌਰ ਸਿੰਘ ਅਤੇ ਗੁਰਮੇਲ ਸਿੰਘ ਨੇ ਆਪੋ-ਆਪਣੇ ਖੇਡ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਇਸ ਇਨਡੋਰ ਖੇਡ ਸਟੇਡੀਅਮ ਨੂੰ ਉਨ੍ਹਾਂ ਦੀ ਯਾਦਗਾਰ ਵਜੋਂ ਸਮਰਪਿਤ ਕੀਤਾ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਕਿਹਾ ਕਿ ਇਹ ਇਨਡੋਰ ਖੇਡ ਸਟੇਡੀਅਮ ਖਿਡਾਰੀਆਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਦਿੜ੍ਹਬਾ ਵਿਕਾਸ ਪੱਖੋਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਕਾਇਮ ਕਰਨ ਵਾਲੀਆਂ ਸ਼ਖ਼ਸੀਅਤਾਂ ਦੀ ਯਾਦ ਨੂੰ ਅਮਰ ਕਰਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।

ਇਸ ਮੌਕੇ ਐਸਡੀਐਮ ਰਾਜੇਸ਼ ਸ਼ਰਮਾ, ਨਗਰ ਕੌਂਸਲ ਪ੍ਰਧਾਨ ਮਨਿੰਦਰ ਸਿੰਘ ਘੁੰਮਣ, ਕੈਬਨਿਟ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਅਜੈ ਗਰਗ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

Lovepreet Singh | 27/01/25
Ad Section
Ad Image

ਸੰਬੰਧਿਤ ਖ਼ਬਰਾਂ

ਪੰਜਾਬ ਲਈ ਖੇਡਣਗੇ ਸ਼ੁਭਮਨ ਗਿੱਲ

|

ਖੇਡਾਂ

|

ਪ੍ਰਕਾਸ਼ਿਤ 20 ਦਿਨਾਂ ਪਹਿਲਾਂ