ਮਾਂ ਬੋਲੀ: ਮਨੁੱਖੀ ਵਿਕਾਸ ਅਤੇ ਸੱਭਿਆਚਾਰ ਦੀ ਜੜ੍ਹ

ਮਾਂ ਬੋਲੀ: ਮਨੁੱਖੀ ਵਿਕਾਸ ਅਤੇ ਸੱਭਿਆਚਾਰ ਦੀ ਜੜ੍ਹ

ਮਨੁੱਖ ਦੇ ਵਿਕਾਸ ਦੀ ਗਾਥਾ ਤਜਰਬਿਆਂ 'ਤੇ ਆਧਾਰਿਤ ਹੈ। ਮਨੁੱਖ ਦੀ ਸੋਝੀ ਨੇ ਉਸ ਨੂੰ ਜਿਊਣ ਦਾ ਢੰਗ ਸਿਖਾਇਆ। ਆਦਿ ਕਾਲ ਤੋਂ ਹੀ ਮਨੁੱਖ ਜਦੋਂ ਜੰਗਲਾਂ ਵਿੱਚ ਰਹਿੰਦਾ ਸੀ ਉਸ ਦੀਆਂ ਪ੍ਰਮੁੱਖ ਲੋੜਾਂ ਭੁੱਖ ਲਈ ਰੋਟੀ, ਤਨ ਢਕਣ ਲਈ ਕਪੜਾ ਅਤੇ ਸੁਰੱਖਿਆ ਲਈ ਸਿਰ 'ਤੇ ਛੱਤ ਜ਼ਰੂਰੀ ਸਨ । ਬਾਕੀ ਲੋੜਾਂ ਸਮਾਜ ਦੀ ਹੋਂਦ ਸਥਾਪਤੀ ਨਾਲ ਸਮੇਂ-ਸਮੇਂ ਵਿੱਚ ਵਧਦੀਆਂ ਰਹੀਆਂ। ਅੱਗ ਦੀ ਕਾਢ ਨਾਲ ਮਨੁੱਖ ਦੇ ਜੀਵਨ ਵਿਚ ਵੱਡੀ-ਤਬਦੀਲੀ ਆਈ। ਫਿਰ ਪਹੀਏ ਦੀ ਕਾਢ ਨੇ ਮਸ਼ੀਨੀ ਯੁਗ 'ਚ ਚਮਤਕਾਰ ਕੀਤੇ ਪਰੰਤੂ ਬੋਲੀ ਨੇ ਮਨੁੱਖ ਨੂੰ ਹੋਰ ਜੀਵਾਂ ਤੋਂ ਇਕ ਵੱਖਰੀ ਹੋਂਦ ਮਾਨਣ ਦੇ ਮੌਕੇ ਪੈਦਾ ਕੀਤੇ। ਆਵਾਜ਼ ਬੋਲੀ 'ਚ ਕਿੰਜ ਤਬਦੀਲ ਹੋਈ, ਇਸ ਲਈ ਲੰਮਾ ਸਮਾਂ ਲੱਗਿਆ ਅਤੇ ਫਿਰ ਬੋਲੀ ਨੂੰ ਭਾਸ਼ਾ ਦਾ ਨਾਂ ਮਿਲਿਆ। ਲੋਕ-ਭਾਸ਼ਾ ਦੀ ਹੋਂਦ ਇਕ ਕ੍ਰਿਸ਼ਮਾ ਵਾਪਰਨ ਵਾਲੀ ਪ੍ਰਕਿਰਿਆ ਸੀ ਜਿਸ ਲਈ ਲਿਪੀ ਰਾਹੀਂ ਲਿਖਣ ਦੀ ਜਗਿਆਸਾ ਉਪਜੀ। ਹਰ ਮਾਂ ਨੂੰ ਆਪਣੀ ਬੋਲੀ ਰਾਹੀਂ ਬੱਚੇ ਦੇ ਪਾਲਣ-ਪੋਸ਼ਣ ਲਈ ਕਰਤੱਵ ਨਿਭਾਉਣਾ ਪਿਆ। ਅੱਖਰ ਲਿਪੀ ਦੇ ਚਿੰਨ੍ਹ ਬਣੇ। ਭਾਸ਼ਾ ਨੂੰ ਲਿਖਣ ਲਈ ਲਿਪੀ ਦਾ ਸਾਥ ਮਿਲਿਆ। ਇੰਜ ਹਰ ਕਿਸੇ ਦੀ ਮਾਂ-ਬੋਲੀ ਲਿਪੀ ਰਾਹੀਂ ਲਿਖੀ ਜਾਣ ਲੱਗੀ।

ਮਾਂ ਬੋਲੀ ਦੇ ਸਬੰਧ ਵਿੱਚ ਵੀ ਇਹ ਤੱਥ ਸੋਲ੍ਹਾਂ ਆਨੇ ਸੱਚ ਹੈ ਕਿ ਜਿਸ ਰੁੱਖ ਦੀਆਂ ਜੜ੍ਹਾਂ ਜਿੰਨੀਆਂ ਡੂੰਘੀਆਂ ਹੋਣਗੀਆਂ ਓਨਾ ਹੀ ਉਹ ਝੱਖੜਾਂ-ਤੂਫ਼ਾਨਾਂ ਦਾ ਸਾਹਮਣਾ ਕਰਨ ਦੇ ਸਮਰਥ ਹੁੰਦਾ ਹੈ।  ਦੁਨੀਆ ਭਰ ਦੇ ਮਹਾਨ ਲੇਖਕਾਂ, ਸਿੱਖਿਆ-ਸ਼ਾਸਤਰੀਆਂ, ਵਿਦਵਾਨਾਂ ਤੇ ਵਿਗਿਆਨੀਆਂ ਨੇ ਇਸ ਤੱਥ ਨੂੰ ਆਪਣੇ ਤਜਰਬਿਆਂ ਰਾਹੀਂ ਬੋਲਾਂ ਤੇ ਲਿਖਤਾਂ ਵਿੱਚ ਪੇਸ਼ ਕੀਤਾ ਹੈ। ਰਸੂਲ ਹਮਜ਼ਾਤੋਵ ਨੂੰ ਚਾਹੇ ਦੁਨੀਆ ਭਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵੀ ਆਉਂਦੀਆਂ ਸਨ ਪਰ ਉਸ ਨੂੰ ਆਪਣੀ ਮਾਂ ਬੋਲੀ ‘ਅਵਾਰ’ ਵਿੱਚ ਗੱਲ ਕਰਨਾ ਹੀ ਪਸੰਦ ਸੀ। ਉਹ ਆਪਣੀ ਰਚਨਾ ‘ਮੇਰਾ ਦਾਗਿਸਤਾਨ’ ਵਿੱਚ ਇਹ ਵੀ ਦੱਸਦਾ ਹੈ ਕਿ ਉੱਥੇ ਜੇ ਕਿਸੇ ਨੂੰ ਗਾਲ੍ਹ ਦੇਣੀ ਹੋਵੇ ਤਾਂ ਇਹ ਕਿਹਾ ਜਾਂਦਾ ਹੈ ਕਿ “ਜਾਹ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਏ।” ਯੂਨੈਸਕੋ ਨੇ 1968 ਵਿੱਚ ਇੱਕ ਰਿਪੋਰਟ ’ਚ ਇਹ ਅਧਿਐਨ ਪੇਸ਼ ਕੀਤਾ ਕਿ “ਮਾਤ-ਭਾਸ਼ਾ ਦੀ ਸਿੱਖਿਆ ਲਈ ਵਰਤੋਂ ਜਿੰਨੀ ਦੂਰ ਤੱਕ ਸੰਭਵ ਹੋ ਸਕੇ ਓਨੀ ਦੂਰ ਤੱਕ ਕੀਤੀ ਜਾਵੇ।” ਅਫ਼ਰੀਕੀ ਲੇਖਕ ਨਗੂਗੀ ਵਾ ਥਿਓਂਗੋ ਦਾ ਕਥਨ ਹੈ ਕਿ “ਜੇਕਰ ਤੁਹਾਨੂੰ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਆਉਂਦੀਆਂ ਹਨ ਪਰ ਤੁਹਾਨੂੰ ਆਪਣੀ ਮਾਂ-ਬੋਲੀ ਜਾਂ ਆਪਣੇ ਸੱਭਿਆਚਾਰ ਦੀ ਭਾਸ਼ਾ ਨਹੀਂ ਆਉਂਦੀ ਤਾਂ ਇਸ ਨੂੰ ਗ਼ੁਲਾਮੀ ਕਹਿੰਦੇ ਹਨ।”

ਦੁਨੀਆ ਭਰ ਵਿੱਚ ਅੰਗਰੇਜ਼ੀ ਭਾਸ਼ਾ ਸਿਖਾਉਣ ਤੇ ਆਈ.ਈ.ਐਲ.ਟੀ.ਐਸ (IELTS)ਦਾ ਸੰਚਾਲਨ ਕਰਨ ਵਾਲੀ ਇੰਗਲੈਂਡ ਦੀ ਸੰਸਥਾ ‘ਬ੍ਰਿਟਿਸ਼ ਕੌਂਸਲ’ ਦੀ ਪ੍ਰਕਾਸ਼ਿਤ ਕਿਤਾਬ ਰੂਪੀ ਰਿਪੋਰਟ ‘ਇੰਗਲਿਸ਼ ਲੈਂਗੁਏਜ ਐਂਡ ਮੀਡੀਅਮ ਆਫ ਇੰਸਟਰਕਸ਼ਨ ਇਨ ਬੇਸਿਕ ਐਜੂਕੇਸ਼ਨ’ ਵਿਸ਼ੇਸ਼ ਅਹਿਮੀਅਤ ਰੱਖਦੀ ਹੈ ਜਿਸ ਵਿੱਚ ਖੋਜਕਰਤਾ ਜੌਹਨ ਸਿੰਪਸਨ ਨੇ ਇਹ ਸਾਫ਼ ਜਿਕਰ ਕੀਤਾ ਹੈ ਕਿ “ਜੇਕਰ ਵਿਕਾਸਸ਼ੀਲ ਮੁਲਕ ਦਾ ਬੱਚਾ ਅੰਗਰੇਜ਼ੀ ਦੀ ਬਜਾਏ ਆਪਣੀ ਮਾਂ ਬੋਲੀ ਵਿੱਚ ਪੜ੍ਹਦਾ ਹੈ ਤਾਂ ਉਹ ਵਧੇਰੇ ਵਧੀਆ ਤਰੀਕੇ ਨਾਲ ਗਿਆਨ ਹਾਸਲ ਕਰਦਾ ਹੈ ਤੇ ਉਹ ਅਕਾਦਮਿਕ ਤੌਰ ’ਤੇ ਸਫਲਤਾ ਪ੍ਰਾਪਤ ਕਰਨ ਦੇ ਨਾਲ-ਨਾਲ ਆਰਥਿਕ ਤੇ ਸਮਾਜਿਕ ਤੌਰ ’ਤੇ ਵੀ ਫ਼ਾਇਦੇ ਵਿੱਚ ਰਹਿੰਦਾ ਹੈ।”

ਕਿਸੇ ਵੀ ਕੌਮ ਦੇ ਲਈ ਸਾਹਿਤ ਅਤੇ  ਸੱਭਿਆਚਾਰ ਸੰਭਾਲ ਲਈ ਮਾਂ ਬੋਲੀ  ਇਕ ਅਹਿਮ ਭੂਮਿਕਾ ਨਿਭਾਉਂਦੀ ਹੈ। ਸੱਭਿਆਚਾਰ ਸਮਾਜ ਦੀ ਪਛਾਣ ਬਣਾਉਣ ਵਿਚ ਮਾਂ-ਬੋਲੀ 'ਤੇ ਆਧਾਰਿਤ ਹੁੰਦਾ ਹੈ। ਇਸੇ ਕਰਕੇ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ (ਦਰਪਣ) ਮੰਨਿਆ ਜਾਂਦਾ ਹੈ। ਹੋਰ ਬੋਲੀਆਂ ਵਾਂਗ ਪੰਜਾਬੀ ਮਾਂ-ਬੋਲੀ ਦਾ ਆਪਣਾ ਲੰਮਾ ਇਤਿਹਾਸ ਹੈ। ਗੁਰਮੁਖੀ ਪੈਂਤੀ ਅੱਖਰੀ ਵਰਣਮਾਲਾ ਦੀ ਸ਼ਿੰਗਾਰ ਬਣੀ। ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਭਾਸ਼ਾ ਲਿਖਣ ਲਈ ਇਸ ਕੋਲ ਵੱਧ ਧੁਨੀਆਂ ਹਨ, ਵਿਅੰਜਨ ਹਨ। ਦੂਜੀਆਂ ਭਾਸ਼ਾਵਾਂ ਨੂੰ ਉਚਾਰਨ ਦੀ ਸਮਰੱਥਾ ਅਤੇ ਲਿਖਣ ਦੀ ਕਲਾ ਹੈ।
ਡਾ. ਐੱਮਐੱਸ ਰੰਧਾਵਾ ਆਪਣੇ ਲੇਖ 'ਮੈਨੂੰ ਪੰਜਾਬੀ ਕਿਉਂ ਚੰਗੀ ਲੱਗਦੀ ਹੈ' ਵਿਚ ਲਿਖਦੇ ਹਨ ਕਿ ਜਿਵੇਂ ਪੰਜਾਬਣ ਨੂੰ ਸਲਵਾਰ-ਕਮੀਜ਼ ਸੋਹੰਦੀ, ਏਵੇਂ ਹੀ ਪੰਜਾਬੀ ਨੂੰ ਗੁਰਮੁਖੀ ਲਿਪੀ। ਕਿੰਨੇ ਸੋਹਣੇ ਲਗਦੇ ਹਨ ਗੁਰਮੁਖੀ ਦੇ ਗੋਲ-ਮੋਲ ਅੱਖਰ ਜਿਵੇਂ ਮੋਤੀ ਲੜੀ ਵਿਚ ਪ੍ਰੋਏ ਹੋਣ। ਇਹ ਮੰਨਿਆ ਗਿਆ ਹੈ ਕਿ ਮਾਂ-ਬੋਲੀ ਦੀ ਜਿੰਨੀ ਮਹੱਤਤਾ ਨੂੰ ਸਮਝਿਆ ਜਾਵੇ, ਚੰਗਾ ਹੈ। ਮਾਂ-ਬੋਲੀ ਮਨੁੱਖ ਦੇ ਵਿਰਸੇ ਤੇ ਵਿਰਾਸਤ ਦੀ ਟਕਸਾਲ ਹੁੰਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਮਾਤ-ਭਾਸ਼ਾ ਵਿਚਾਰਾਂ ਦੀ ਚਾਲਕ ਹੈ ਤੇ ਸੰਸਕਾਰਾਂ ਦੀ ਜਨਮ ਦਾਤੀ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਲਿਖਦੇ ਹਨ ਕਿ ਮਨੁੱਖ ਏਨਾ ਆਪਣੀ ਮਾਂ ਦਾ ਬੱਚਾ ਨਹੀਂ ਜਿੰਨਾ ਆਪਣੀ ਮਾਂ-ਬੋਲੀ ਦਾ ਹੁੰਦਾ ਹੈ। ਜਿੰਨੀ ਖੂਬਸੂਰਤੀ ਤੇ ਸ਼ਿੱਦਤ ਨਾਲ ਮਨੁੱਖ ਆਪਣੇ ਦਿਲ ਦੀ ਗੱਲ, ਭਾਵਨਾਵਾਂ ਤੇ ਕਲਪਨਾ ਆਪਣੀ ਮਾਂ-ਬੋਲੀ ਰਾਹੀਂ ਪ੍ਰਗਟ ਕਰ ਸਕਦਾ ਹੈ, ਦੂਜੀ ਕਿਸੇ ਹੋਰ ਭਾਸ਼ਾ ਵਿਚ ਨਹੀਂ। ਬੱਚੇ ਨੂੰ ਬਚਪਨ 'ਚ ਲੋਰੀ ਦੇਣੀ ਉਸ ਦੀ ਮਾਂ-ਬੋਲੀ ਕਾਵਿ ਰੂਪੀ ਕਵਿਤਾ ਹੁੰਦੀ ਹੈ। ਮਾਂ-ਬੋਲੀ ਸਿੱਖਣ ਦੀ ਸ਼ੁਰੂਆਤ ਬੱਚੇ ਦੀ ਮਾਂ, ਉਸ ਦੇ ਪਾਲਣ-ਪੋਸ਼ਣ ਅਤੇ ਚੌਗਿਰਦੇ ਦੀਆਂ ਪ੍ਰਸਥਿਤੀਆਂ ਰਾਹੀਂ ਹੁੰਦੀ ਹੈ। ਇਸੇ ਲਈ ਹਰੇਕ ਵਿਅਕਤੀ ਲਈ ਉਸ ਦੀ ਮੂਲ-ਭਾਸ਼ਾ ਉਹਦੀ ਮਾਂ ਦੀ ਬੋਲੀ ਹੁੰਦੀ ਹੈ। ਜੇ ਲੋਰੀਆਂ ਨਾ ਹੁੰਦੀਆਂ ਤਾਂ ਦੁਨੀਆ 'ਚ ਸ਼ਾਇਦ ਦੂੱਜੇ ਗੀਤ ਵੀ ਨਾ ਹੁੰਦੇ। ਇਸ ਲਈ ਮਾਵਾਂ ਪਹਿਲੀਆਂ ਕਵਿੱਤਰੀਆਂ ਹੁੰਦੀਆਂ ਹਨ। 

ਇਸ ਲਈ ਬੱਚੇ ਦੀ ਪਹਿਲੀ ਮੁਸਕਾਨ ਅਤੇ ਮਨੁੱਖ ਦਾ ਆਖ਼ਰੀ ਹੰਝੂ, ਮਾਂ-ਬੋਲੀ ਦਾ ਗੀਤ ਹੁੰਦਾ। 'ਮੇਰਾ ਦਾਗਿਸਤਾਨ' ਪੁਸਤਕ 'ਚ ਰਸੂਲ ਹਮਜ਼ਾਤੋਵ ਮਾਂ-ਬੋਲੀ ਬਾਰੇ ਬਹੁਤ ਜ਼ੋਰ ਦੇਂਦਾ ਹੈ: "ਅੱਲਾ ਕਰੇ, ਤੇਰੇ ਬੱਚੇ ਉਸ ਬੋਲੀ ਤੋਂ ਵਾਂਝੇ ਰਹਿਣ, ਜਿਹੜੀ ਉਨ੍ਹਾਂ ਦੀ ਮਾਂ ਬੋਲਦੀ ਹੈ।" ਇਸ ਤੋਂ ਵੱਡੀ ਬਦ-ਅਸੀਸ ਹੋਰ ਕੋਈ ਨਹੀਂ। ਭਾਸ਼ਾ ਦੀ ਮੁਹਾਰਤ ਬਾਰੇ ਉਹ ਲਿਖਦਾ ਹੈ ਕਿ ਬੱਚਾ ਬੋਲਣ ਤਾਂ ਦੋ-ਤਿੰਨ ਸਾਲ ਦਾ ਲੱਗ ਜਾਂਦਾ ਹੈ ਪਰੰਤੂ ਮਨੁੱਖ ਨੂੰ ਭਾਸ਼ਾ ਸਿੱਖਣ ਲਈ ਸੱਠ ਸਾਲ ਲੱਗ ਜਾਂਦੇ ਹਨ। ਭਾਵ ਭਾਸ਼ਾ ਦੀ ਸ਼ਬਦ-ਸ਼ਕਤੀ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਮਾਂ-ਬੋਲੀ ਤੇ ਮਾਂ ਦੀ ਮਹਿਮਾ ਇੰਜ ਵੀ ਕਹੀ ਜਾ ਸਕਦੀ ਹੈ ਕਿ ਜਿਹੜਾ ਮਨੁੱਖ ਆਪਣੀ ਮਾਂ ਦੀ ਚਿੰਤਾ ਨਹੀਂ ਕਰਦਾ, ਉਹ ਬੇਗਾਨੀ ਔਰਤ ਦੀ ਚਿੰਤਾ ਵੀ ਨਹੀਂ ਕਰ ਸਕੇਗਾ। ਟਾਮਸ ਡੇਵਿਸ ਦਾ ਕਹਿਣਾ ਹੈ ਕਿ ਮਾਂ-ਬੋਲੀ ਹਿਰਦੇ ਨੂੰ ਉਤੇਜਿਤ ਕਰਦੀ ਹੈ। ਮਾਂ-ਬੋਲੀ ਮਨ ਨੂੰ ਦ੍ਰਿੜ੍ਹ ਬਣਾਉਂਦੀ ਹੈ। ਮਾਂ-ਬੋਲੀ ਆਤਮਾ ਨੂੰ ਸ਼ੁੱਧ ਰੱਖਦੀ ਹੈ। 

ਬਾਬਾ ਫ਼ਰੀਦ  ਦੁਆਰਾ ਆਪਣੀ ਬੋਲੀ ਵਿੱਚ ਰਚਨਾ ਕਰਨਾ ਉਨ੍ਹਾਂ ਦੁਆਰਾ ਮਾਂ-ਬੋਲੀ ਨਾਲ ਪ੍ਰਗਟਾਇਆ ਪਿਆਰ ਹੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਸਮਿਆਂ ਦੀ ਸਰਕਾਰੀ ਭਾਸ਼ਾ ਫ਼ਾਰਸੀ ਦੀ ਬਜਾਏ ਲੋਕਾਂ ਦੀ ਆਮ ਬੋਲਚਾਲ ਦੀ ਬੋਲੀ ਪੰਜਾਬੀ ਵਿੱਚ ਬਾਣੀ ਰਚੀ। ਉਨ੍ਹਾਂ ਨੇ ਲੋਕਾਂ ਨੂੰ ਫ਼ਾਰਸੀ ਨੂੰ ਬਾਹਰਲੀ ਬੋਲੀ ਆਖਦਿਆਂ ਲਿਖਿਆ:

ਘਰਿ ਘਰਿ ਮੀਆ ਸਭਨਾ ਜੀਆ ਬੋਲੀ ਅਵਰ ਤੁਮਾਰੀ।।

ਅੱਜ ਦੇ ਸਮੇਂ ਵਿੱਚ ਵੀ ਭਾਸ਼ਾ ਖੋਜ ਨਾਲ ਸਬੰਧਿਤ ਸੰਸਥਾਵਾਂ ਦੀਆਂ ਮਾਂ ਬੋਲੀ ਨਾਲ ਸਬੰਧਿਤ ਸੰਸਥਾਵਾਂ ਦੀਆਂ ਖੋਜਾਂ ਤੇ ਸਰਵੇਖਣਾਂ ਦੀਆਂ ਰਿਪੋਰਟਾਂ ਨੇ ਵੀ ਮਾਂ ਬੋਲੀ ਦੀ ਮਹੱਤਤਾ ਨੂੰ ਸਿੱਧ ਕੀਤਾ ਹੈ। ਮਾਂ ਬੋਲੀ ਵਿੱਚ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਹੀ ਹੋਰ ਭਾਸ਼ਾਵਾਂ ਦਾ ਗਿਆਨ- ਉਸ ਦੀ ਸ਼ਬਦਾਵਲੀ, ਵਿਆਕਰਨ ਆਦਿ ਨੂੰ ਚੰਗੀ ਤਰ੍ਹਾਂ  ਸਮਝ ਸਕਦਾ ਹੈ। ਮਾਂ ਬੋਲੀ ਵਿੱਚ ਪ੍ਰਾਪਤ ਗਿਆਨ ਨੂੰ ਬੱਚਾ ਬੇਹਤਰ ਢੰਗ ਨਾਲ ਸਮਝ ਸਕਦਾ ਹੈ। ਇਸ ਤਰ੍ਹਾਂ ਉਸ ਦਾ ਆਤਮ-ਵਿਸ਼ਵਾਸ ਵੀ ਵਧੀਆ ਬਣਿਆ ਰਹਿੰਦਾ ਹੈ ਤੇ ਉਸ ਦੀ ਵਿਸ਼ੇ ’ਤੇ ਪਕੜ ਵੀ ਮਜਬੂਤ ਹੁੰਦੀ ਹੈ। ਇਸ ਲਈ ਸਾਨੂੰ  ਆਪਣੀ ਮਾਂ-ਬੋਲੀ ਉਤਸ਼ਾਹਿਤ ਕਰਨ ਲੋੜ ਹੈ।

Lovepreet Singh | 24/02/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ