ਪੇਂਡੂ ਓਲੰਪਿਕ ਖੇਡਾਂ ਵਜੋਂ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਪੱਤੀ ਸੁਹਾਵੀਆ ਦੇ ਪ੍ਰਧਾਨ, ਕਰਨਲ ਸੁਰਿੰਦਰ ਸਿੰਘ ਤੇ ਸੈਕਟਰੀ ਗੁਰਵਿੰਦਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਧਾਨ ਕਰਨਲ ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕਸ ਪੂਰੇ ਜੋਸ਼ ਨਾਲ 31 ਜਨਵਰੀ, 1 ਤੇ 2 ਫਰਵਰੀ ਨੂੰ ਪੰਜਾਬ ਸਰਕਾਰ ਦੀ ਮਦਦ ਨਾਲ ਕਰਵਾਈਆਂ ਜਾ ਰਹੀਆਂ ਹਨ।
ਐਤਕੀਂ ਇਸ ਖੇਡ ਮੇਲੇ ਵਿੱਚ, ਪੰਜਾਬ ਦੇ ਪੇਂਡੂ ਖੇਡ ਮੇਲੇ ਦਾ ਅਹਿਸਾਸ ਕਰਵਾਉਣ ਲਈ ਪੰਜਾਬ ਦੀਆਂ ਪੁਰਾਤਨ ਅਤੇ ਵਿਰਾਸਤੀ ਖੇਡਾਂ ਕਰਵਾਉਣ ਦਾ ਵੀ ਉਪਰਾਲਾ ਕੀਤਾ ਗਿਆ ਹੈ। ਇਸ ਵਿੱਚ ਬੈਲਗੱਡੀਆਂ ਦੀ ਦੌੜ, ਘੋੜਾ ਦੌੜ, ਬੋਰੀ ਚੁੱਕਣਾ ਤੇ ਬਾਜ਼ੀਗਰਾਂ ਦੇ ਕਰਤੱਬ ਵੀ ਦੇਖਣ ਨੂੰ ਮਿਲਣਗੇ। ਸੌ ਸਾਲ ਤੋਂ ਵੀ ਵੱਧ ਪੁਰਾਣੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਪਹਿਲਾਂ ਸਬੰਧਿਤ ਪਿੰਡ ਦੀਆਂ ਖੇਡ ਐਸੋਸੀਏਸ਼ਨਾਂ ਵੱਲੋਂ ਕਰਵਾਈਆਂ ਜਾਂਦੀਆਂ ਸਨ ਪਰ ਪਿਛਲੇ ਸਾਲ ਤੋਂ ਇਹ ਖੇਡਾਂ ਪੰਜਾਬ ਸਰਕਾਰ ਦੁਆਰਾ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਕਿਲ੍ਹਾ ਰਾਏਪੁਰ ਖੇਡਾਂ ਦੀਆਂ ਤਿਆਰੀਆਂ ਨੂੰ ਦੇਖਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ, ਜਤਿੰਦਰ ਜੋਰਵਾਲ ਨੇ ਖੇਡ ਮੈਦਾਨ ਦਾ ਦੌਰਾ ਕੀਤਾ। ਇਸ ਸਬੰਧੀ ਅਧਿਕਾਰੀਆਂ ਅਤੇ ਹੋਰ ਨੁਮਾਇੰਦਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ। ਖੇਡਾਂ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਪੰਜਾਬ, ਤਰੁਣਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸੰਮਿਲਿਤ ਹੋਣਗੇ।
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਸਭ ਤੋਂ ਪਸੰਦੀਦਾ ਖੇਡ ਬੈਲਗੱਡੀਆਂ ਦੀ ਦੌੜ ਹੁੰਦੀ ਹੈ। ਸਭ ਤੋਂ ਪਹਿਲਾਂ ਬੈਲਗੱਡੀਆਂ ਦੀਆਂ ਦੌੜਾਂ ਕਿਲ੍ਹਾ ਰਾਏਪੁਰ ਦੇ ਲੋਕਾਂ ਨੇ ਹੀ ਸ਼ੁਰੂ ਕੀਤੀਆਂ ਸਨ। ਖੇਡਾਂ ਵਿੱਚ ਜਦੋਂ ਚਾਰ-ਚਾਰ ਬੈਲਗੱਡੀਆਂ ਇਕੱਠੀਆਂ ਦੌੜਦੀਆਂ ਹਨ ਤਾਂ ਉਦੋਂ ਇਹ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਇਸ ਦੇ ਨਾਲ ਹੀ ਹੋਰ ਖੇਡਾਂ ਵਿੱਚ ਊਠਾਂ ਦੀਆਂ ਦੌੜਾਂ, ਘੋੜਿਆਂ ਦੀਆਂ ਦੌੜਾਂ ਅਤੇ ਖੱਚਰ ਰੇੜਿਆਂ ਦੀਆਂ ਦੌੜਾਂ ਵੇਖਣ ਵਾਲੀਆਂ ਹੁੰਦੀਆਂ ਹਨ।
ਇਨ੍ਹਾਂ ਖੇਡਾਂ ਵਿੱਚ ਹਾਕੀ ਦੀ ਖੇਡ ਦਾ ਸਨਮਾਨ ਬਹੁਤ ਉੱਚਾ ਰੱਖਿਆ ਗਿਆ ਹੈ। ਇਸ ਖੇਡ ਦੇ ਸਨਮਾਨ ਲਈ ਸ਼ੁੱਧ ਸੌ ਤੋਲੇ ਸੋਨੇ ਦਾ ਕੱਪ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸ਼ਰਤ ਹੁੰਦੀ ਹੈ ਜਿਹੜੀ ਹਾਕੀ ਦੀ ਟੀਮ ਲਗਾਤਾਰ ਤਿੰਨ ਵਾਰੀ ਹਾਕੀ ਦਾ ਮੈਚ ਜਿੱਤੇਗੀ, ਉਸ ਟੀਮ ਨੂੰ ਇਹ ਕੱਪ ਦੇ ਦਿੱਤਾ ਜਾਵੇਗਾ।
ਪੰਜਾਬੀ ਖੇਡ ਸਾਹਿਤ ਦੇ ਬਾਬਾ ਬੋਹੜ, ਪ੍ਰਿੰਸੀਪਲ ਸਰਵਣ ਸਿੰਘ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਬਾਰੇ ਕਹਿੰਦੇ ਹਨ ਕਿ ਜੇ ਕਿਸੇ ਨੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਨੇ ਹੋਣ ਤਾਂ ਇਹ ਢੁੱਕਵਾਂ ਮੌਕਾ ਹੁੰਦਾ ਹੈ। ਇੱਥੇ ਪੰਜਾਬ ਗਾਉਂਦਾ ਹੈ, ਨੱਚਦਾ ਹੈ, ਖੇਡਦਾ ਹੈ, ਧੁੰਮਾਂ ਪਾਉਂਦਾ ਹੈ। ਕਿਸੇ ਪਾਸੇ ਦੌੜਾਂ ਹੁੰਦੀਆਂ ਹਨ, ਕਿਸੇ ਪਾਸੇ ਕਬੱਡੀ ਪੈਂਦੀ ਹੈ ਅਤੇ ਕਿਸੇ ਪਾਸੇ ਭੰਗੜਾ ਪੈ ਰਿਹਾ ਹੁੰਦਾ ਹੈ।
ਖੇਡਾਂ ਦੇਖਣ ਦਾ ਸ਼ੌਕ ਰੱਖਣ ਵਾਲੇ ਦਰਸ਼ਕ ਦੂਰੋਂ-ਦੂਰੋਂ ਇਹ ਖੇਡਾਂ ਵੇਖਣ ਆਉਂਦੇ ਹਨ ਕਿਉਂਕਿ ਇਹ ਖੇਡਾਂ ਭਾਰਤ ਵਿੱਚ ਪੇਂਡੂ ਓਲੰਪਿਕ ਦੇ ਤੌਰ ’ਤੇ ਜਾਣੀਆਂ ਜਾਂਦੀਆਂ ਹਨ। ਇਹ ਖੇਡਾਂ ਪੇਂਡੂ ਖੇਡਾਂ ਤੋਂ ਸ਼ੁਰੂ ਹੋ ਕੇ ਹੁਣ ਸ਼ਹਿਰੀ ਖੇਡਾਂ ਤੱਕ ਪੁੱਜ ਗਈਆਂ ਹਨ।
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|