ਪੰਜਾਬ ਦੀ ਧੀ ਸਿਫ਼ਤ ਕੌਰ ਸਮਰਾ ਨੇ ਰਾਸ਼ਟਰੀ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ

2025-03-21 06:53:25.921565+00:00

ਉੱਤਰਾਖੰਡ ਦੇ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਤ੍ਰਿਸ਼ੂਲ ਹਾਲ ਵਿਖੇ ਹੋਈਆਂ 38ਵੀਆਂ ਰਾਸ਼ਟਰੀ ਖੇਡਾਂ ਵਿੱਚ, ਪੰਜਾਬ ਦੀ ਸਿਫ਼ਤ ਕੌਰ ਸਮਰਾ ਨੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਦੇ ਹੋਏ ਸੋਨ ਤਗਮਾ ਜਿੱਤਿਆ ।ਉਸਦੀ ਸਾਥੀ  ਖਿਡਾਰਣ ਅੰਜੁਮ ਮੋਦਗਿਲ ਜੋ ਕਿ ਪੰਜਾਬ ਤੋਂ ਹੀ ਹੈ, ਉਸਨੇ ਚਾਂਦੀ ਦਾ ਤਗਮਾ ਜਿੱਤਿਆ। ਜਦੋਂ ਕਿ ਤੇਲੰਗਾਨਾ ਦੀ ਸੁਰਭੀ ਭਾਰਦਵਾਜ ਰਾਪੋਲ ਨੇ ਕਾਂਸੀ ਦਾ ਤਗਮਾ ਜਿੱਤਿਆ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਖਿਡਾਰਨਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ “ਪੰਜਾਬ ਦੀਆਂ ਦੋ ਖਿਡਾਰਨਾਂ ਸਿਫ਼ਤ ਕੌਰ ਸਮਰਾ ਅਤੇ ਅੰਜੁਮ ਮੌਦਗਿਲ ਨੇ 38ਵੀਆਂ ਰਾਸ਼ਟਰੀ ਖੇਡਾਂ ਦੌਰਾਨ 50 ਮੀਟਰ ਸ਼ੂਟਿੰਗ ਈਵੈਂਟ ‘ਚ ਸੋਨ ਅਤੇ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਦੋਵਾਂ ਨੂੰ ਇਸ ਉਪਲਬਧੀ ਲਈ ਬਹੁਤ-ਬਹੁਤ ਵਧਾਈਆਂ। ਤੁਸੀਂ ਦੇਸ਼ ਸਮੇਤ ਪੰਜਾਬ ਦਾ ਮਾਣ ਹੋ। ਮੁੱਖ ਮੰਤਰੀ  ਨੇ ਮਾਪਿਆਂ ਤੇ ਕੋਚ ਸਹਿਬਾਨ ਨੂੰ ਵੀ ਮੁਬਾਰਕਾਂ ਦਿੱਤੀਆਂ।”

23 ਸਾਲਾ ਏਸ਼ੀਅਨ ਖੇਡਾਂ ਦੀ ਸੋਨ ਤਗਮਾ ਜੇਤੂ ਸਮਰਾ ਨੇ ਔਰਤਾਂ ਦੇ 50 ਮੀਟਰ 3 ਪੁਜੀਸ਼ਨ ਮੁਕਾਬਲੇ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ, 461.2 ਅੰਕ ਪ੍ਰਾਪਤ ਕੀਤੇ ਅਤੇ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਉਸਦੀ ਪ੍ਰਾਪਤੀ ਖਾਸ ਤੌਰ 'ਤੇ ਮਹੱਤਵਪੂਰਨ ਸੀ ਕਿਉਂਕਿ ਇਹ ਪੈਰਿਸ ਓਲੰਪਿਕ ਵਿੱਚ ਉਸਦੀ ਭਾਗੀਦਾਰੀ ਤੋਂ ਬਾਅਦ  ਇੱਕ ਸ਼ਾਨਦਾਰ ਵਾਪਸੀ ਸੀ, ਜਿੱਥੇ ਉਹ ਫਾਈਨਲ ਵਿੱਚ ਨਹੀਂ ਪਹੁੰਚੀ ਸੀ। ਸਮਰਾ ਨੇ ਆਪਣੇ ਪ੍ਰਦਰਸ਼ਨ 'ਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਆਪਣੀ ਸਫਲਤਾ ਵਿੱਚ ਨਿਰੰਤਰ ਸਿਖਲਾਈ  ਵੱਲ ਧਿਆਨ ਦੇਣ ਦੀ ਗੱਲ ਨੂੰ ਮਹੱਤਤਾ ਦਿੱਤੀ।

ਪੰਜਾਬ ਦੀ ਅੰਜੁਮ ਮੋਦਗਿਲ ਨੇ ਇਸੇ ਈਵੈਂਟ ਵਿੱਚ 458.7 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਮੋਦਗਿਲ, ਜਿਸ ਨੇ ਪਹਿਲਾਂ 2018 ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਚਾਂਦੀ ਦੇ ਤਗਮਾ ਜਿੱਤਿਆ ਸੀ। ਅੰਜੁਮ ਮੋਦਗਿਲ ਨੇ ਕਿਹਾ, "ਇਹ ਤੀਜੀਆਂ ਰਾਸ਼ਟਰੀ ਖੇਡਾਂ ਹਨ, ਜਿਸ ਵਿਚ ਮੈਂ ਭਾਗ ਲਿਆ, ਹਾਲਾਂਕਿ ਸ਼ੁਰੂਆਤ ਵਿੱਚ ਮੇਰਾ ਸਕੋਰ ਵਧੀਆ ਨਹੀਂ ਸੀ, ਪਰ ਮੈਨੂੰ ਪਤਾ ਸੀ ਕਿ ਸ਼ਾਂਤ ਰਹਿਣਾ ਅਤੇ ਧਿਆਨ ਕੇਂਦਰਤ ਕਰਨਾ ਮੈਨੂੰ ਪੋਡੀਅਮ ਤੱਕ ਲੈ ਜਾਵੇਗਾ। ਇਹ ਸਭ ਤੋਂ ਵਧੀਆ ਸ਼ੂਟਿੰਗ ਰੇਂਜ ਹੈ, ਜਿਸ ਵਿੱਚ ਮੈਂ ਹਿੱਸਾ ਲਿਆ ਹੈ।" ਤੇਲੰਗਾਨਾ ਦੀ ਸੁਰਭੀ ਭਾਰਦਵਾਜ ਰਾਪੋਲ ਨੇ38ਵੀਆਂ ਰਾਸ਼ਟਰੀ ਖੇਡਾਂ ਵਿੱਚ, 448.8 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਪੁਰਸ਼ਾਂ ਦੇ 10 ਮੀਟਰ ਪਿਸਟਲ ਈਵੈਂਟ ਵਿੱਚ, ਕਰਨਾਟਕ ਦੇ ਜੋਨਾਥਨ ਐਂਥਨੀ ਨੇ ਵਧੀਆ ਪ੍ਰਦਰਸ਼ਨ ਨਾਲ ਸੋਨ ਤਗਮਾ ਜਿੱਤਿਆ । ਜੋਨਾਥਨ ਐਂਥਨੀ ਨੇ ਇਸ ਮੁਕਾਬਲੇ ਵਿਚ ਜਿੱਤਣ 'ਤੇ ਖੁਸ਼ੀ ਪ੍ਰਗਟ ਕੀਤੀ। ਇਸ ਈਵੈਂਟ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਨਿਸ਼ਾਨੇਬਾਜ਼ ਸ਼ਾਮਲ ਸਨ। 

Lovepreet Singh | 04/02/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ