ਟਰੰਪ ਨੇ ਪੁਰਾਣੇ ਟੈਰਿਫਾਂ ਨੂੰ ਫਿਰ ਕੀਤਾ ਮੁਲਤਵੀ ਅਤੇ ਕਈ ਦੇਸ਼ਾਂ ਲਈ ਨਵੇਂ ਟੈਰਿਫਾਂ ਦਾ ਕੀਤਾ ਐਲਾਨ

trump new tariffs

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਧਿਕਾਰਤ ਤੌਰ 'ਤੇ ਅਮਰੀਕੀ ਆਯਾਤ 'ਤੇ ਉੱਚ ਟੈਰਿਫ ਲਗਾਉਣ ਵਿੱਚ ਦੇਰੀ ਕੀਤੀ ਹੈ, ਜਦੋਂ ਕਿ ਜਾਪਾਨ ਅਤੇ ਦੱਖਣੀ ਕੋਰੀਆ ਸਮੇਤ 14 ਦੇਸ਼ਾਂ ਨੂੰ ਪੱਤਰ ਭੇਜ ਕੇ ਉਨ੍ਹਾਂ ਨੂੰ ਦਰਪੇਸ਼ ਟੈਕਸਾਂ ਦਾ ਵੇਰਵਾ ਦੇ ਦਿੱਤਾ ਹੈ।

ਇਹ ਤਾਜ਼ਾ ਅਪਡੇਟ ਉਦੋਂ ਆਇਆ ਹੈ ਜਦੋਂ ਵ੍ਹਾਈਟ ਹਾਊਸ ਵੱਲੋਂ ਆਯਾਤ ਟੈਕਸਾਂ 'ਤੇ 90 ਦਿਨਾਂ ਦੀ ਦਿੱਤੀ ਰੋਕ ਇਸ ਹਫ਼ਤੇ ਖਤਮ ਹੋਣ ਵਾਲੀ ਸੀ।

ਰਾਸ਼ਟਰਪਤੀ ਨੇ ਜਾਪਾਨ ਅਤੇ ਦੱਖਣੀ ਕੋਰੀਆ ਤੋਂ ਦੇਸ਼ ਵਿੱਚ ਦਾਖਲ ਹੋਣ ਵਾਲੇ ਉਤਪਾਦਾਂ 'ਤੇ 25% ਟੈਕਸ ਲਗਾਉਣ ਦੀ ਆਪਣੀ ਧਮਕੀ ਨੂੰ ਸਥਿਰ ਰੱਖਿਆ ਅਤੇ 1 ਅਗਸਤ ਤੋਂ ਟੈਕਸ ਲਾਗੂ ਕਰਨ ਦੀ ਚੇਤਾਵਨੀ ਦਿੰਦੇ ਹੋਏ ਵਿਸ਼ਵ ਨੇਤਾਵਾਂ ਨੂੰ ਕਈ ਪੱਤਰ ਭੇਜੇ ਹਨ।

ਟਰੰਪ ਨੇ ਉੱਚ ਟੈਰਿਫ 9 ਜੁਲਾਈ ਨੂੰ ਲਾਗੂ ਹੋਣ ਲਈ ਨਿਰਧਾਰਤ ਕੀਤੇ ਸਨ। ਫਿਰ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਸੀ ਤਾਂ ਕਿ ਉਹ ਦੇਸ਼ਾਂ ਨਾਲ ਵਪਾਰਕ ਸੌਦਿਆਂ ਤੇ ਗੱਲਬਾਤ ਕਰ ਸਕਣ।

ਜਦੋਂ ਇੱਕ ਰਿਪੋਰਟਰ ਦੁਆਰਾ ਪੁੱਛਿਆ ਗਿਆ ਕਿ ਕੀ ਨਵੀਂ ਅਗਸਤ ਦੀ ਤਾਰੀਖ ਇੱਕ ਸਖ਼ਤ ਸਮਾਂ ਸੀਮਾ ਹੈ ਜਾਂ ਇਹ ਹੋਰ ਵਧੇਗੀ, ਤਾਂ ਟਰੰਪ ਨੇ ਕਿਹਾ: "ਮੈਂ ਦ੍ਰਿੜ੍ਹ ਰਹਾਂਗਾ, ਪਰ 100% ਦ੍ਰਿੜ੍ਹ ਨਹੀਂ। ਜੇਕਰ ਉਹ ਕਾਲ ਕਰਦੇ ਹਨ ਅਤੇ ਉਹ ਕਹਿੰਦੇ ਹਨ ਕਿ ਅਸੀਂ ਕੁਝ ਵੱਖਰੇ ਤਰੀਕੇ ਨਾਲ ਡੀਲ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਇਸ ਲਈ ਖੁੱਲ੍ਹੇ ਰਹਾਂਗੇ।"

ਖੋਜ ਫਰਮ ਆਕਸਫੋਰਡ ਇਕਨਾਮਿਕਸ ਦੇ ਅਰਥਸ਼ਾਸਤਰੀ, ਐਡਮ ਅਹਿਮਦ ਸਮਦੀਨ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਵਾਧਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਵਪਾਰ ਸਮਝੌਤਿਆਂ ਨੂੰ ਅੰਤਿਮ ਰੂਪ ਦੇਣ ਵਿੱਚ ਅਕਸਰ ਕਈ ਸਾਲ ਲੱਗ ਜਾਂਦੇ ਹਨ।

ਉਨ੍ਹਾਂ ਕਿਹਾ, "ਅਜਿਹੇ ਸੌਦੇ ਆਮ ਤੌਰ 'ਤੇ ਬਹੁਤ ਵਿਸਥਾਰਤ ਹੁੰਦੇ ਹਨ।" ਹਾਲਾਂਕਿ ਵੀਅਤਨਾਮ ਯੂਕੇ ਤੋਂ ਬਾਅਦ ਅਮਰੀਕਾ ਨਾਲ ਸਮਝੌਤਾ ਕਰਨ ਵਾਲਾ ਦੂਜਾ ਦੇਸ਼ ਬਣ ਗਿਆ ਹੈ।

ਸੋਮਵਾਰ ਨੂੰ ਵੀ, ਟਰੰਪ ਨੇ ਸੋਸ਼ਲ ਮੀਡੀਆ 'ਤੇ 14 ਦੇਸ਼ਾਂ ਦੇ ਨੇਤਾਵਾਂ ਨੂੰ ਸੰਬੋਧਿਤ ਪੱਤਰ ਸਾਂਝੇ ਕੀਤੇ, ਉਨ੍ਹਾਂ ਨੂੰ ਆਪਣੀਆਂ ਨਵੀਨਤਮ ਟੈਰਿਫ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ, ਜਦੋਂ ਕਿ ਇਹ ਵੀ ਕਿਹਾ ਕਿ ਦਰਾਂ ਨੂੰ "ਉੱਪਰ ਜਾਂ ਹੇਠਾਂ ਵੱਲ, ਤੁਹਾਡੇ ਦੇਸ਼ ਨਾਲ ਸਾਡੇ ਸਬੰਧਾਂ ਦੇ ਅਧਾਰ ਤੇ ਸੋਧਿਆ ਜਾ ਸਕਦਾ ਹੈ।"

ਪੱਤਰਾਂ ਵਿੱਚ ਜ਼ਿਆਦਾਤਰ ਟੈਰਿਫ ਦਰਾਂ ਅਪ੍ਰੈਲ ਵਿੱਚ ਦਰਸਾਏ ਗਏ ਟੈਰਿਫਾਂ ਦੇ ਸਮਾਨ ਸਨ ਜਦੋਂ ਟਰੰਪ ਨੇ ਆਪਣੀ "ਲਿਬਰੇਸ਼ਨ ਦਿਵਸ" ਦੀ ਘੋਸ਼ਣਾ ਕੀਤੀ ਸੀ, ਜਿਸ ਨਾਲ ਵੱਖ-ਵੱਖ ਦੇਸ਼ਾਂ ਤੋਂ ਆਉਂਦੀਆਂ ਵਸਤੂਆਂ 'ਤੇ ਨਵੇਂ ਟੈਕਸਾਂ ਲਗਾਏ ਜਾਣ ਦਾ ਖ਼ਤਰਾ ਸੀ।

ਓਸੀਬੀਸੀ(OCBC) ਬੈਂਕ ਦੇ ਨਿਵੇਸ਼ ਰਣਨੀਤੀਕਾਰ, ਵਾਸੂ ਮੈਨਨ ਨੇ ਕਿਹਾ ਕਿ ਟਿੱਪਣੀਆਂ ਤੋਂ ਪਤਾ ਚੱਲਿਆ ਕਿ ਟਰੰਪ ਹੋਰ ਵਪਾਰਕ ਗੱਲਬਾਤ ਲਈ ਖੁੱਲਾ ਸਮਾਂ ਦੇਣਗੇ।

ਟਰੰਪ ਦਾ ਤਰਕ ਹੈ ਕਿ ਟੈਰਿਫ ਲਗਾਉਣ ਨਾਲ ਅਮਰੀਕੀ ਕਾਰੋਬਾਰਾਂ ਨੂੰ ਵਿਦੇਸ਼ੀ ਕੰਪਨੀਆਂ ਨਾਲੋਂ ਫਾਇਦਾ ਹੋਵੇਗਾ ਅਤੇ ਘਰੇਲੂ ਨਿਰਮਾਣ ਅਤੇ ਨੌਕਰੀਆਂ ਨੂੰ ਵੀ ਹੁਲਾਰਾ ਮਿਲੇਗਾ।

ਪਰ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਹ ਉਪਾਅ ਅਮਰੀਕਾ ਵਿੱਚ ਕੀਮਤਾਂ ਵਧਾਉਣਗੇ ਅਤੇ ਵਪਾਰ ਨੂੰ ਘਟਾਉਣਗੇ। ਸੋਮਵਾਰ ਨੂੰ ਅਮਰੀਕਾ ਵਿੱਚ ਤਿੰਨ ਮੁੱਖ ਸ਼ੇਅਰ ਸੂਚਕਾਂਕ ਬੁਰੀ ਤਰ੍ਹਾਂ ਡਿੱਗ ਗਏ ਅਤੇ ਟੋਇਟਾ ਦੇ ਯੂਐਸ-ਸੂਚੀਬੱਧ ਸ਼ੇਅਰ 4% ਤੱਕ ਘੱਟ ਗਏ।

ਅਮਰੀਕੀ ਵਪਾਰ ਅੰਕੜਿਆਂ ਦੇ ਅਨੁਸਾਰ, ਜਾਪਾਨ ਨੇ ਪਿਛਲੇ ਸਾਲ ਅਮਰੀਕਾ ਨੂੰ $148 ਬਿਲੀਅਨ (£108.6 ਬਿਲੀਅਨ) ਤੋਂ ਵੱਧ ਦਾ ਸਾਮਾਨ ਭੇਜਿਆ, ਜਿਸ ਨਾਲ ਇਹ ਯੂਰਪੀਅਨ ਯੂਨੀਅਨ (EU), ਮੈਕਸੀਕੋ, ਚੀਨ ਅਤੇ ਕੈਨੇਡਾ ਤੋਂ ਬਾਅਦ ਅਮਰੀਕਾ ਦਾ ਆਯਾਤ ਦਾ ਪੰਜਵਾਂ ਸਭ ਤੋਂ ਵੱਡਾ ਸਪਲਾਇਰ ਬਣ ਗਿਆ। ਦੱਖਣੀ ਕੋਰੀਆ ਵੀ ਸਿਖਰਲੇ 10 ਦੇਸ਼ਾਂ ਵਿੱਚ ਸੀ।

ਦੱਖਣੀ ਕੋਰੀਆ ਅਤੇ ਜਾਪਾਨ ਤੋਂ ਇਲਾਵਾ, ਟਰੰਪ ਨੇ ਸੋਮਵਾਰ ਨੂੰ ਮਿਆਂਮਾਰ ਅਤੇ ਲਾਓਸ ਤੋਂ ਆਉਣ ਵਾਲੀਆਂ ਵਸਤਾਂ 'ਤੇ 40% ਟੈਰਿਫ, ਥਾਈਲੈਂਡ ਅਤੇ ਕੰਬੋਡੀਆ ਤੋਂ ਆਉਣ ਵਾਲੀਆਂ ਵਸਤਾਂ 'ਤੇ 36% ਟੈਰਿਫ, ਸਰਬੀਆ ਅਤੇ ਬੰਗਲਾਦੇਸ਼ ਤੋਂ ਆਉਣ ਵਾਲੀਆਂ ਵਸਤਾਂ 'ਤੇ 35% ਟੈਰਿਫ, ਇੰਡੋਨੇਸ਼ੀਆ 'ਤੇ 32% ਟੈਰਿਫ, ਦੱਖਣੀ ਅਫਰੀਕਾ ਤੋਂ ਆਉਣ ਵਾਲੀਆਂ ਵਸਤਾਂ 'ਤੇ 30% ਟੈਰਿਫ ਅਤੇ ਮਲੇਸ਼ੀਆ ਅਤੇ ਟਿਊਨੀਸ਼ੀਆ ਤੋਂ ਆਉਣ ਵਾਲੀਆਂ ਵਸਤਾਂ 'ਤੇ 25% ਟੈਰਿਫ ਲਗਾਉਣ ਦੀਆਂ ਯੋਜਨਾਵਾਂ ਤਿਆਰ ਕੀਤੀਆਂ।

ਜਾਪਾਨੀ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋਵਾਂ ਦੇਸ਼ਾਂ ਨੂੰ ਲਾਭ ਪਹੁੰਚਾਉਣ ਵਾਲੇ ਸੌਦੇ 'ਤੇ ਸਹਿਮਤ ਹੋਣ ਲਈ ਅਮਰੀਕਾ ਨਾਲ ਗੱਲਬਾਤ ਜਾਰੀ ਰੱਖੇਗੀ। ਉਨ੍ਹਾਂ ਇਹ ਵੀ ਕਿਹਾ, "ਇਹ ਬਹੁਤ ਹੀ ਅਫਸੋਸਜਨਕ ਹੈ ਕਿ ਅਮਰੀਕੀ ਸਰਕਾਰ ਨੇ ਪਹਿਲਾਂ ਤੋਂ ਲਗਾਈਆਂ ਗਈਆਂ ਦਰਾਂ ਤੋਂ ਇਲਾਵਾ ਟੈਰਿਫ ਵਿੱਚ ਹੋਰ ਵਾਧੇ ਦਾ ਐਲਾਨ ਕੀਤਾ ਹੈ।"

ਦੱਖਣੀ ਕੋਰੀਆ ਨੇ ਕਿਹਾ ਕਿ ਉਸਨੇ ਅਮਰੀਕਾ ਨਾਲ ਗੱਲਬਾਤ ਨੂੰ ਤੇਜ਼ ਕਰਨ ਲਈ ਸਮਾਂ ਸੀਮਾ ਵਧਾਉਣ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ।

ਥਾਈਲੈਂਡ ਦੇ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ ਦੇਸ਼ ਦੂਜੇ ਦੇਸ਼ਾਂ 'ਤੇ ਲਗਾਏ ਗਏ ਸਮਾਨ ਟੈਰਿਫ ਦਰ ਪ੍ਰਾਪਤ ਕਰਨ ਲਈ ਇੱਕ ਸਮਝੌਤੇ 'ਤੇ ਪਹੁੰਚਣ ਦੇ ਯੋਗ ਹੋਵੇਗਾ।

ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਆਪਣੇ ਦੇਸ਼ 'ਤੇ ਲਗਾਏ ਗਏ "ਇਕਪਾਸੜ" ਉੱਚ ਵਪਾਰਕ ਟੈਰਿਫਾਂ ਦਾ ਵਿਰੋਧ ਕੀਤਾ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪੱਤਰ ਆ ਸਕਦੇ ਹਨ। ਉਸਨੇ ਇਸ ਸੁਝਾਅ ਦਾ ਖੰਡਨ ਕੀਤਾ ਕਿ ਟੈਰਿਫ ਦੀ ਸਮਾਂ-ਸੀਮਾ 9 ਜੁਲਾਈ ਤੋਂ 1 ਅਗਸਤ ਤੱਕ ਬਦਲਣ ਨਾਲ ਟਰੰਪ ਦੀਆਂ ਧਮਕੀਆਂ ਦੀ ਸ਼ਕਤੀ ਘੱਟ ਸਕਦੀ ਹੈ।

ਉਸਨੇ ਕਿਹਾ, ਜਦੋਂ ਰਾਸ਼ਟਰਪਤੀ ਨੇ ਪਹਿਲੀ ਵਾਰ ਅਪ੍ਰੈਲ ਵਿੱਚ ਭਾਰੀ ਟੈਰਿਫਾਂ ਦਾ ਐਲਾਨ ਕੀਤਾ, ਤਾਂ ਵਿੱਤੀ ਬਾਜ਼ਾਰਾਂ ਵਿੱਚ ਉਥਲ-ਪੁਥਲ ਮੱਚ ਗਈ, ਜਿਸ ਕਾਰਨ ਰਾਸ਼ਟਰਪਤੀ ਨੇ ਗੱਲਬਾਤ ਦੀ ਆਗਿਆ ਦੇਣ ਲਈ ਕੁਝ ਉੱਚਤਮ ਡਿਊਟੀਆਂ ਨੂੰ ਮੁਅੱਤਲ ਕਰ ਦਿੱਤਾ, ਜਦੋਂ ਕਿ 10% ਲੇਵੀ ਨੂੰ ਲਾਗੂ ਰੱਖਿਆ।

ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਕਿ ਉਸਨੂੰ "ਕੁਝ ਦਿਨ ਕਾਫੀ ਵਿਅਸਤ" ਹੋਣ ਦੀ ਉਮੀਦ ਹੈ। ਉਸਨੇ ਅਮਰੀਕੀ ਵਪਾਰਕ ਪ੍ਰਸਾਰਕ ਸੀਐਨਬੀਸੀ(CNBC) ਨੂੰ ਦੱਸਿਆ, ਸਾਡੇ ਕੋਲ ਗੱਲਬਾਤ ਦੇ ਮਾਮਲੇ ਵਿੱਚ ਬਹੁਤ ਸਾਰੇ ਦੇਸ਼ਾਂ ਨੇ ਆਪਣੀ ਸੁਰ ਬਦਲੀ ਹੈ। ਇਸ ਲਈ ਮੇਰਾ ਮੇਲਬਾਕਸ ਕੱਲ੍ਹ ਰਾਤ ਬਹੁਤ ਸਾਰੀਆਂ ਨਵੀਆਂ ਪੇਸ਼ਕਸ਼ਾਂ, ਬਹੁਤ ਸਾਰੇ ਨਵੇਂ ਪ੍ਰਸਤਾਵਾਂ ਨਾਲ ਭਰਿਆ ਹੋਇਆ ਸੀ। ।

ਟਰੰਪ ਨੇ ਸ਼ੁਰੂ ਵਿੱਚ ਆਪਣੇ ਅਪ੍ਰੈਲ ਟੈਰਿਫਾਂ ਨੂੰ "ਰੈਸੀਪਰੋਕਲ" ਦੱਸਿਆ ਸੀ, ਅਤੇ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਦੂਜੇ ਦੇਸ਼ਾਂ ਦੇ ਵਪਾਰ ਨਿਯਮਾਂ ਦੇ ਵਿਰੁੱਧ ਲੜਨ ਦੀ ਲੋੜ ਸੀ ਜਿਸਨੂੰ ਉਹ ਅਮਰੀਕੀ ਨਿਰਯਾਤ ਲਈ ਸਹੀ ਸਮਝਦਾ ਸੀ।

ਉਸਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ, ਸਟੀਲ ਅਤੇ ਆਟੋ ਸੈਕਟਰ ਵਰਗੇ ਮੁੱਖ ਖੇਤਰਾਂ ਲਈ ਵੱਖਰੇ ਤੌਰ 'ਤੇ ਟੈਰਿਫ ਦਾ ਐਲਾਨ ਕੀਤਾ ਹੈ, ਅਤੇ ਫਾਰਮਾਸਿਊਟੀਕਲ ਅਤੇ ਲੱਕੜ ਵਰਗੀਆਂ ਹੋਰ ਚੀਜ਼ਾਂ 'ਤੇ ਟੈਕਸ ਵਧਾਉਣ ਦੀ ਧਮਕੀ ਦਿੱਤੀ ਹੈ।

ਹੁਣ ਤੱਕ, ਅਮਰੀਕਾ ਨੇ ਯੂਕੇ ਅਤੇ ਵੀਅਤਨਾਮ ਨਾਲ ਸਮਝੌਤੇ ਕੀਤੇ ਹਨ, ਨਾਲ ਹੀ ਚੀਨ ਨਾਲ ਇੱਕ ਅੰਸ਼ਕ ਸੌਦਾ ਵੀ ਕੀਤਾ ਹੈ। ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ, ਸਮਝੌਤਿਆਂ ਨੇ ਟਰੰਪ ਦੇ ਵ੍ਹਾਈਟ ਹਾਊਸ ਵਾਪਸ ਆਉਣ ਤੋਂ ਪਹਿਲਾਂ ਦੇ ਪੱਧਰਾਂ ਦੇ ਮੁਕਾਬਲੇ ਟੈਰਿਫ ਵਧਾ ਦਿੱਤੇ ਹਨ, ਜਦੋਂ ਕਿ ਮੁੱਖ ਮੁੱਦੇ ਅਣਸੁਲਝੇ ਹਨ। ਅਮਰੀਕਾ ਨੇ ਕਿਹਾ ਹੈ ਕਿ ਭਾਰਤ ਨਾਲ ਵੀ ਇੱਕ ਸੌਦਾ ਹੋਣ ਦੇ ਨੇੜੇ ਹੈ।

ਯੂਰਪੀਅਨ ਯੂਨੀਅਨ ਵੀ ਗੱਲਬਾਤ ਵਿੱਚ ਰੁੱਝੀ ਹੋਈ ਹੈ। ਰਿਪੋਰਟਾਂ ਦੇ ਅਨੁਸਾਰ ਬਲਾਕ ਦੇ ਅਧਿਕਾਰੀ ਟੈਰਿਫ ਪੱਤਰ ਪ੍ਰਾਪਤ ਕਰਨ ਦੀ ਉਮੀਦ ਨਹੀਂ ਕਰ ਰਹੇ ਸਨ। ਯੂਰਪੀਅਨ ਕਮਿਸ਼ਨ ਦੇ ਇੱਕ ਬੁਲਾਰੇ ਨੇ ਇਹ ਵੀ ਕਿਹਾ ਕਿ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ, ਉਰਸੁਲਾ ਵਾਨ ਡੇਰ ਲੇਅਨ ਦੀ ਟਰੰਪ ਨਾਲ "ਚੰਗੀ ਗੱਲ਼ਬਾਤ" ਹੋਈ ਹੈ।

ਕੁਝ ਹਫ਼ਤੇ ਪਹਿਲਾਂ, ਅਮਰੀਕੀ ਰਾਸ਼ਟਰਪਤੀ ਨੇ ਯੂਰਪੀਅਨ ਯੂਨੀਅਨ ਨੂੰ ਸਮਝੌਤਾ ਨਾ ਕਰਨ ਦੀ ਸੂਰਤ ਵਿੱਚ 50% ਟੈਕਸ ਦੀ ਧਮਕੀ ਦਿੱਤੀ ਸੀ।

Gurpreet | 09/07/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ